
250 ਬਸਾਂ ਦੀ ਪਹਿਲੀ ਖੇਪ ਆਵੇਗੀ ਇਸ ਮਹੀਨੇ, ਬੱਸ ਸਟੈਂਡਾਂ ’ਚ ਹਰ ਪੰਦਰਵਾੜੇ ਕਰਵਾਈ ਜਾਵੇਗੀ ਸਫ਼ਾਈ
ਚੰਡੀਗੜ੍ਹ (ਜਸਪਾਲ ਸਿੰਘ): ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਦਸਿਆ ਕਿ ਜਨਤਕ ਬੱਸ ਸੇਵਾ ਨੂੰ ਹੋਰ ਮਜ਼ਬੂਤ ਕਰਦਿਆਂ ਸਰਕਾਰੀ ਬਸਾਂ ਦੇ ਬੇੜੇ ਵਿਚ 842 ਹੋਰ ਬਸਾਂ ਛੇਤੀ ਸ਼ਾਮਲ ਕੀਤੀਆਂ ਜਾਣਗੀਆਂ। ਟਰਾਂਸਪੋਰਟ ਵਿਭਾਗ ਦੇ ਸਮੂਹ ਆਰ.ਟੀ.ਏ. ਸਕੱਤਰਾਂ ਅਤੇ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਦੀ ਹਫ਼ਤਾਵਾਰੀ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਦੌਰਾਨ ਸ. ਰਾਜਾ ਵੜਿੰਗ ਨੇ ਦਸਿਆ ਕਿ 842 ਬਸਾਂ ਪਾਉਣ ਸਬੰਧੀ ਟੈਂਡਰ ਲਗ ਚੁੱਕਾ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਬਸਾਂ ਮੁਹਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਅਗਲੇਰੀ ਕਾਰਵਾਈ ਛੇਤੀ ਤੋਂ ਛੇਤੀ ਅਮਲ ਵਿਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ।
Punjab Transport Minister Raja Warring and others
ਹੋਰ ਪੜ੍ਹੋ: ਇਕ ਲੋਕ-ਰਾਜੀ ਦੇਸ਼ ਵਿਚ, ਸਰਕਾਰਾਂ ਤੇ ਉਚ ਅਦਾਲਤਾਂ ਲੋਕਾਂ ਨੂੰ ਸੜਕਾਂ 'ਤੇ ਆਉਣੋਂ ਰੋਕ ਸਕਦੀਆਂ ਹਨ!
ਉਨ੍ਹਾਂ ਦਸਿਆ ਕਿ ਇਸ ਅਕਤੂਬਰ ਮਹੀਨੇ ਦੇ ਅਖ਼ੀਰ ਤਕ 250 ਬਸਾਂ ਦੀ ਪਹਿਲੀ ਖੇਪ ਸੂਬੇ ਵਿਚ ਆ ਜਾਵੇਗੀ ਜਦਕਿ ਨਵੰਬਰ ਦੇ ਅਖ਼ੀਰ ਤਕ 592 ਬਸਾਂ ਮਿਲ ਜਾਣਗੀਆਂ, ਜੋ ਅਗਲੇ ਡੇਢ ਮਹੀਨੇ ਦੌਰਾਨ ਸੂਬੇ ਦੀਆਂ ਸੜਕਾਂ ਦਾ ਸ਼ਿੰਗਾਰ ਬਣਨਗੀਆਂ। ਪਿਛਲੇ ਦਿਨੀਂ ਵਿੱਢੀ ਬੱਸ ਅੱਡਿਆਂ ਦੀ ਸਫ਼ਾਈ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ ਦੇ ਨਿਰਦੇਸ਼ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਬੱਸ ਸਟੈਂਡਾਂ ਵਿਚ ਹਰ ਪੰਦਰਵਾੜੇ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ।
Punjab Transport Minister Raja Warring and others
ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਦੇ ਦੌਰੇ ਮੌਕੇ ਸਫ਼ਾਈ ਠੇਕੇਦਾਰਾਂ ਵਲੋਂ ਕੁਤਾਹੀ ਵਰਤਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਇਸ ਲਈ ਡਿਪੂਆਂ ਦੇ ਜਨਰਲ ਮੈਨੇਜਰ ਸਫ਼ਾਈ ਸਬੰਧੀ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕਰਨ ਅਤੇ ਦੁਬਾਰਾ ਕੁਤਾਹੀ ਵਰਤਣ ’ਤੇ ਜੁਰਮਾਨੇ ਦੀ ਵਿਵਸਥਾ ਕਰਨ ਤਾਂ ਜੋ ਬੱਸ ਅੱਡਿਆਂ ਦੀ ਸਫ਼ਾਈ ਹਰ ਹਾਲ ਵਿਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਤੋਂ ਬਾਹਰਲੇ ਖੇਤਰ ਵਿਚ ਵੀ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਾਰਵਾਈ ਅਰੰਭੀ ਜਾਵੇ।
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (6 ਅਕਤੂਬਰ 2021)
ਉਨ੍ਹਾਂ ਜਨਰਲ ਮੈਨੇਜਰਾਂ ਨੂੰ ਬੱਸਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਜਿਥੇ ਰੋਜ਼ਾਨਾ ਘੱਟੋ-ਘੱਟ ਪੰਜ ਬਸਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿਤੇ, ਉਥੇ ਆਉਂਦੇ ਸ਼ੁਕਰਵਾਰ ਤਕ ਸਰਕਾਰੀ ਬਸਾਂ ਤੋਂ ਤਮਾਕੂ ਉਤਪਾਦਾਂ ਅਤੇ ਹੋਰਨਾਂ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਸਾਰੇ ਇਸ਼ਤਿਹਾਰ ਉਤਾਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਭਾਗ ਦੇ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰਾਂ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਵੀ ਉਹ ਕਿਸੇ ਗ਼ੈਰਕਾਨੂੰਨੀ ਢੰਗ ਨਾਲ ਚਲ ਰਹੀ ਬੱਸ ਨੂੰ ਫੜਨ ਤਾਂ ਉਸ ਦੀ ਮੁਕੰਮਲ ਵੀਡੀਉਗ੍ਰਾਫ਼ੀ ਯਕੀਨੀ ਬਣਾਈ ਜਾਵੇ।