
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਗੁਰਦਾਸਪੁਰ: ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਦੇ ਨੌਜਵਾਨ ਦੀ ਆਬੂਧਾਬੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਕਰਨਦੀਪ ਸਿੰਘ (21) ਦੇ ਪਿਤਾ ਮੇਜਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ 31 ਅਕਤੂਬਰ 2022 ਨੂੰ ਆਬੂਧਾਬੀ ਦੇ ਸ਼ਹਿਰ ਮੁਸੱਫਾ ਗਿਆ ਸੀ। 31 ਮਈ ਨੂੰ ਉਹ 35 ਦਿਨ ਦੀ ਛੁੱਟੀ ਕੱਟ ਕੇ ਵਾਪਸ ਉਥੇ ਗਿਆ ਸੀ।
ਇਹ ਵੀ ਪੜ੍ਹੋ: ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ
ਪ੍ਰਵਾਰ ਦੀ ਆਖਰੀ ਵਾਰ ਉਸ ਨਾਲ 3 ਅਕਤੂਬਰ ਨੂੰ ਫੋਨ ’ਤੇ ਗੱਲ ਹੋਈ ਸੀ, ਉਸ ਸਮੇਂ ਉਹ ਬਿਲਕੁਲ ਠੀਕ ਸੀ। ਬੁਧਵਾਰ ਨੂੰ ਕਰੀਬ 10 ਵਜੇ ਉਸ ਦੇ ਦੋਸਤ ਦਾ ਫੋਨ ਆਇਆ, ਜਿਸ ਨੇ ਦਸਿਆ ਕਿ ਕਰਨਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿਤਾ ਹੈ।