
ਪੀੜਤ ਦੀ ਮਾਂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ
ਮਲੇਰਕੋਟਲਾ: ਸਕੂਲ ਦੇ ਵਾਈਸ ਪ੍ਰਿੰਸੀਪਲ ’ਤੇ 9ਵੀਂ ਜਮਾਤ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਦੋਸ਼ ਹਨ ਕਿ ਅਧਿਆਪਕ ਨੇ ਵਿਦਿਆਰਥੀ ਨੂੰ ‘ਕਾਲੀਆ’ ਕਹਿ ਕੇ ਬੁਲਾਇਆ ਅਤੇ ਜਦੋਂ ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਬੱਚੇ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਘਟਨਾ ਤੋਂ ਬਾਅਦ ਪ੍ਰਵਾਰ ਨੇ ਬੱਚੇ ਦੀ ਛਾਤੀ 'ਚ ਦਰਦ ਅਤੇ ਪਿਸ਼ਾਬ 'ਚ ਖੂਨ ਆਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਹਿਮਾਚਲ ਸਰਕਾਰ ਦੀ ਪਹਿਲਕਦਮੀ: ਇਕ ਧੀ ਹੋਣ ’ਤੇ ਪ੍ਰਵਾਰ ਨੂੰ ਦਿਤੀ ਜਾਵੇਗੀ 2 ਲੱਖ ਰੁਪਏ ਪ੍ਰੋਤਸਾਹਨ ਰਾਸ਼ੀ
ਪਿੰਡ ਚੌਂਦਾ ਦੀ ਵਸਨੀਕ ਮਨਜੀਤ ਕੌਰ ਨੇ ਦਸਿਆ ਕਿ ਉਸ ਦਾ 14 ਸਾਲਾ ਲੜਕਾ ਜਸਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਵਿਚ 9ਵੀਂ ਜਮਾਤ ਵਿਚ ਪੜ੍ਹਦਾ ਹੈ। ਉਹ ਨੈੱਟਬਾਲ ਅਤੇ ਕਬੱਡੀ ਦਾ ਖਿਡਾਰੀ ਵੀ ਹੈ। ਸਕੂਲ ਵਿਚ 29 ਸਤੰਬਰ ਨੂੰ ਨੈੱਟਬਾਲ ਦੀ ਖੇਡ ਕਰਵਾਈ ਜਾ ਰਹੀ ਸੀ। ਇਸ ਦੌਰਾਨ ਬੇਟੇ ਦਾ ‘ਰੰਗ ਕਾਲਾ’ ਹੋਣ ਕਾਰਨ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਉਸ ਨੂੰ ‘ਕਾਲੀਆ’ ਕਹਿ ਕੇ ਬੁਲਾਇਆ। ਜਦੋਂ ਬੇਟੇ ਨੇ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ 'ਚ ਆਏ ਅਧਿਆਪਕ ਨੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਸ ਗੱਲ ਦਾ ਪਤਾ ਲੱਗਦੇ ਹੀ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਮਰਗੜ੍ਹ ਦੇ ਐਸ.ਐਚ.ਓ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 6 ਵਾਰ ਰੁਕੀ ਦਿਲ ਦੀ ਧੜਕਣ; ਡਾਕਟਰਾਂ ਨੇ ਇੰਝ ਬਚਾਈ ਭਾਰਤੀ ਮੂਲ ਦੇ ਵਿਦਿਆਰਥੀ ਦੀ ਜਾਨ
ਵਿਦਿਆਰਥੀ ਦੀ ਮਾਤਾ ਮਨਜੀਤ ਕੌਰ ਨੇ ਦਸਿਆ ਕਿ ਪਿੰਡ ਦੇ ਪਤਵੰਤਿਆਂ ਅਤੇ ਅਧਿਆਪਕਾਂ ਨੇ ਦੋਸ਼ੀ ਅਧਿਆਪਕ ਵਿਰੁਧ ਕੋਈ ਕਾਰਵਾਈ ਨਹੀਂ ਹੋਣ ਦਿਤੀ। ਉਸ ਨੂੰ ਕਾਗਜ਼ਾਂ 'ਤੇ ਦਸਤਖਤ ਕਰਨ ਲਈ ਮਜਬੂਰ ਕਰਕੇ ਸਮਝੌਤਾ ਕਰਵਾਇਆ ਗਿਆ। ਚਾਰ ਦਿਨ ਬਾਅਦ ਬੁਧਵਾਰ ਨੂੰ ਬੇਟੇ ਦੀ ਛਾਤੀ 'ਚ ਦਰਦ ਅਤੇ ਪਿਸ਼ਾਬ 'ਚ ਖੂਨ ਆਉਣ ਲੱਗਾ। ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਨੇ ਦੋਸ਼ ਲਾਇਆ ਕਿ ਵਾਈਸ ਪ੍ਰਿੰਸੀਪਲ ਨੇ ਉਸ ਦੇ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਪੁੱਤਰ ਦਾ ਕੋਈ ਇਲਾਜ ਨਹੀਂ ਕਰਵਾਇਆ ਗਿਆ। ਹਾਲਤ ਵਿਚ ਕੋਈ ਸੁਧਾਰ ਨਾ ਹੋਣ ਕਾਰਨ ਪੁੱਤਰ ਨੂੰ ਅਮਰਗੜ੍ਹ ਤੋਂ ਮਲੇਰਕੋਟਲਾ ਰੈਫਰ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ’ਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ
ਲਗਾਏ ਗਏ ਇਲਜ਼ਾਮ ਗਲਤ : ਵਾਈਸ ਪ੍ਰਿੰਸੀਪਲ
ਉਧਰ ਵਾਈਸ ਪ੍ਰਿੰਸੀਪਲ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਲਾਏ ਗਏ ਇਲਜ਼ਾਮ ਗਲਤ ਹਨ। ਵਿਦਿਆਰਥੀ ਅਤੇ ਪ੍ਰਵਾਰ ਨਾਲ ਸਮਝੌਤਾ ਹੋ ਗਿਆ ਹੈ। ਜੇਕਰ ਪ੍ਰਵਾਰ ਨੇ ਮਾਮਲਾ ਦੁਬਾਰਾ ਉਠਾਇਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਡੀ.ਈ.ਓ. ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: ਸੀਰੀਆ ਦੀ ਮਿਲਟਰੀ ਅਕੈਡਮੀ 'ਤੇ ਡਰੋਨ ਹਮਲਾ: 100 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
ਚਾਰ ਦਿਨਾਂ ਵਿਚ ਦੂਜੀ ਘਟਨਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਮਲੇਰਕੋਟਲਾ ਦੇ ਇਕ ਮਦਰੱਸੇ ਵਿਚ ਇਕ 12 ਸਾਲਾ ਵਿਦਿਆਰਥੀ ਨੂੰ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਇਲਜ਼ਾਮ ਸੀ ਕਿ ਬੱਚਿਆਂ ਵਲੋਂ ਰੌਲਾ ਪਾਉਣ ਕਾਰਨ ਅਧਿਆਪਕ ਦੀ ਨੀਂਦ ਖਰਾਬ ਹੋ ਗਈ, ਜਿਸ ਕਾਰਨ ਗੁੱਸੇ ਵਿਚ ਆਏ ਅਧਿਆਪਕ ਵਲੋਂ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਅਧਿਆਪਕ ਵਿਰੁਧ ਮਾਮਲਾ ਵੀ ਦਰਜ ਕੀਤਾ ਗਿਆ ਸੀ।