
ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੀ ਤਰ੍ਹਾਂ ਹੀ ਨਿਮਰ ਅਤੇ ਪੜ੍ਹੇ-ਲਿਖੇ ਸਨ।
ਪ੍ਰੋਫੈਸਰ ਬੀ.ਸੀ.ਵਰਮਾ ਮਹਿੰਦਰਾ ਕਾਲਜ, ਪਟਿਆਲਾ ਵਿਖੇ ਸਾਡੇ ਕੈਮਿਸਟਰੀ ਦੇ ਅਧਿਆਪਕ ਸਨ। ਉਹ ਵਿਦਿਆਰਥੀਆਂ ਪ੍ਰਤੀ ਬਹੁਤ ਹੀ ਦਿਆਲੂ ਅਤੇ ਨਿਮਰ ਸਨ। ਅਸੀਂ ਉਨ੍ਹਾਂ ਨੂੰ ਕਦੇ ਵੀ ਗੁੱਸੇ ਵਿਚ ਨਹੀਂ ਦੇਖਿਆ। ਇਸ ਕਾਰਨ ਉਹ ਵਿਦਿਆਰਥੀਆਂ ਅਤੇ ਆਪਣੇ ਸਾਥੀਆਂ ਵਿਚ ਬਹੁਤ ਹਰਮਨ ਪਿਆਰੇ ਸਨ। ਉਨ੍ਹਾਂ ਦਾ ਪੂਰਾ ਧਿਆਨ ਕਾਲਜ ਵਿਚ ਪੜ੍ਹਾਉਣ ‘ਤੇ ਹੀ ਕੇਂਦਰਤ ਰਹਿੰਦਾ ਸੀ ਅਤੇ ਉਨ੍ਹਾਂ ਨੇ ਕਦੇ ਵੀ ਟਿਊਸਨਾਂ ਨਹੀਂ ਲਈਆਂ। ਸਗੋਂ ਉਹ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਘਰ ਮੁਫ਼ਤ ਪੜ੍ਹਾਉਂਦੇ ਸਨ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੀ ਤਰ੍ਹਾਂ ਹੀ ਨਿਮਰ ਅਤੇ ਪੜ੍ਹੇ-ਲਿਖੇ ਸਨ।
ਮੇਰੇ ਪਿਤਾ ਜੀ ਦੇ ਨਿੱਜੀ ਮਿੱਤਰ ਹੋਣ ਦੇ ਨਾਤੇ ਉਹ ਮੈਨੂੰ ਐਤਵਾਰ ਨੂੰ ਲੰਬੇ ਸਮੇਂ ਤੱਕ ਪੜ੍ਹਾਉਂਦੇ ਅਤੇ ਹਮੇਸ਼ਾ ਅੱਗੇ ਵਧਣ ਲਈ ਉਤਸ਼ਾਹਤ ਕਰਦੇ ਸਨ। ਉਨ੍ਹਾਂ ਨੂੰ ਆਪਣੇ ਵਿਸ਼ੇ ਬਾਰੇ ਡੂੰਘਾ ਗਿਆਨ ਸੀ ਅਤੇ ਉਹ ਵਿਸ਼ੇ ਦੇ ਹਰ ਪਹਿਲੂ ਨੂੰ ਬਹੁਤ ਸਰਲ ਬਣਾ ਦਿੰਦੇ ਸਨ। ਉਨ੍ਹਾਂ ਦਾ ਧਿਆਨ ਹਮੇਸ਼ਾ ਵਿਸ਼ੇ ਨੂੰ ਸਮਝਾਉਣ ’ਤੇ ਕੇਂਦਰਿਤ ਰਹਿੰਦਾ ਸੀ ਅਤੇ ਸਾਨੂੰ ਰੱਟਾ ਮਾਰਨ ਦੀ ਬਜਾਏ ਵਿਸ਼ੇ ਨੂੰ ਸਮਝਣ ਲਈ ਉਤਸ਼ਾਹਤ ਕਰਦੇ ਸਨ। ਉਹ ਇੱਕ ਨੇਕ ਆਤਮਾ ਅਤੇ ਸਾਡੇ ਸਾਰਿਆਂ ਲਈ ਇੱਕ ਰੋਲ ਮਾਡਲ ਹਨ। ਉਨ੍ਹਾਂ ਦਾ ਰਹਿਣ-ਸਹਿਣ ਬਹੁਤ ਸਾਦਾ ਸੀ। ਉਨ੍ਹਾਂ ਵਿੱਚ ਹਉਮੈ ਨਹੀਂ ਸੀ ਅਤੇ ਨਾ ਹੀ ਉਹ ਦਿਖਾਵਾ ਕਰਦੇ ਸਨ ਅਤੇ ਵਾਹਨ ਵਜੋਂ ਸਕੂਟਰ ਦੀ ਹੀ ਵਰਤੋਂ ਕਰਦੇ ਸਨ।
ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਉਹ ਸਾਨੂੰ ਇੱਕ ਰਾਹ ਦਸੇਰੇ, ਅਧਿਆਪਕ ਅਤੇ ਇੱਕ ਰੋਲ ਮਾਡਲ ਵਜੋਂ ਮਿਲੇ। ਖੁਸ਼ਕਿਸਮਤੀ ਨਾਲ ਮੈਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ ਅਤੇ ਉਹ ਹਮੇਸ਼ਾ ਸਾਨੂੰ ਸੁਨਹਿਰੀ ਭਵਿੱਖ ਅਤੇ ਅੱਗੇ ਵਧਣ ਲਈ ਅਸੀਸ ਦਿੰਦੇ ਰਹਿਣਗੇ। ਮੈਂ ਉਨ੍ਹਾਂ ਦੇ ਸਨਮਾਨ ਵਿੱਚ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਵਿਛੜੀ ਆਤਮਾ ਦੀ ਸਾਂਤੀ ਦੀ ਕਾਮਨਾ ਕਰਦਾ ਹਾਂ।