
'ਗਿਆਨ ਉਤਸਵ' ਮੁਕਾਬਲੇ ਵਿਦਿਆਰਥੀਆਂ ਦੀ ਗੁਣਾਤਮਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਹੋਣਗੇ ਸਹਾਇਕ - ਸਿੱਖਿਆ ਸਕੱਤਰ...
ਐੱਸਏਐੱਸ ਨਗਰ: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਐਜੂਸੈਟ ਰਾਹੀਂ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਿਸ਼ਨ 7 ਫ਼ੀਸਦੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗਿਆਨ ਉਤਸਵ' ਮੁਕਾਬਲਿਆਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਸੁਨਿਸ਼ਚਿਤ ਕਰਵਾਉਣ, ਵਿਦਿਆਰਥੀਆਂ ਨੂੰ ਬੋਰਡ ਦੀਆਂ ਜਮਾਤਾਂ ਵਿੱਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਲਈ ਵਾਧੂ ਜਮਾਤਾਂ ਲਗਾਉਣ ਵਾਲੇ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਕਰਨ, ਸਮਾਰਟ ਸਕੂਲ, ਫਿੱਟ ਗੁਰੂ ਮੁਹਿੰਮ, ਈ-ਕੰਟੈਂਟ ਦੀ ਵਰਤੋਂ ਅਤੇ ਬੋਰਡ ਦੇ ਇਮਤਿਹਾਨਾਂ ਵਿੱਚ ਮੈਰੀਟੋਰੀਅਸ ਪੁਜੀਸ਼ਨਾਂ ਲੈ ਸਕਣ ਵਾਲੇ ਵਿਦਿਆਰਥੀਆਂ ਵੱਲ ਖਾਸ ਧਿਆਨ ਕੇਂਦਰਿਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਐਜੂਸੈਟ ਦੇ ਮਾਧਿਅਮ ਰਾਹੀਂ ਕਿਹਾ ਕਿ ਵਾਧੂ ਜਮਾਤਾਂ ਲਗਾਉਣ ਵਾਲੇ ਅਧਿਆਪਕਾਂ ਦੀ ਸੂਚੀ ਬਣਾਉਣ ਲਈ ਵਿਭਾਗ ਇੱਕ ਵਿਸ਼ੇਸ਼ ਸਾਫ਼ਟਵੇਅਰ ਤਿਆਰ ਕਰ ਰਿਹਾ ਹੈ ਤਾਂ ਜੋ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਕੂਲ ਮੁਖੀ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਦੀ ਸਵੈ ਇੱਛਾ ਨਾਲ ਵਾਧੂ ਜਮਾਤਾਂ ਲਗਾਉਣ ਦੀ ਸੂਚਨਾ ਦਰਜ ਕਰਨ ਨਾਲ ਹੋਰ ਅਧਿਆਪਕਾਂ ਦਾ ਉਤਸ਼ਾਹ ਵੀ ਵਧੇਗਾ।
ਉਨ੍ਹਾਂ ਕਿਹਾ ਕਿ ਇਹ ਸਮਾਂ ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਹੈ ਜੋ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰ ਸਕਦੇ ਹਨ, ਵਿਭਾਗ ਵੱਲੋਂ ਅਜਿਹੇ ਵਿਦਿਆਰਥੀਆਂ ਦੀ ਜਲਦੀ ਪਹਿਚਾਣ ਕਰਨ ਲਈ ਅਧਿਆਪਕਾਂ, ਬਲਾਕ ਮੈਂਟਰਾਂ ਅਤੇ ਜਿਲ੍ਹਾ ਮੈਂਟਰਾਂ ਦੀ ਅਹਿਮ ਭੂਮਿਕਾ ਰਹੇਗੀ| ਜਿਸ ਨਾਲ ਉਨ੍ਹਾਂ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤੇ ਜਾਣ ਨਾਲ ਚੰਗੇ ਨਤੀਜੇ ਸਾਹਮਣੇ ਆ ਸਕਣਗੇ| ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਦਫ਼ਤਰ ਵਿੱਚੋਂ ਵੀ ਅਧਿਕਾਰੀਆਂ ਦੀ ਵੀ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਮਿਆਰੀ ਨਤੀਜਾ ਪ੍ਰਾਪਤ ਕੀਤਾ ਜਾ ਸਕੇ।
ਸਕੱਤਰ ਸਕੂਲ ਸਿੱਖਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਖ ਵੱਖ ਜਮਾਤਾਂ ਲਈ 21 ਨਵੰਬਰ ਤੋਂ ਮਨਾਏ ਜਾਣ ਵਾਲੇ ਗਿਆਨ ਉਤਸਵ ਵਿੱਦਿਅਕ ਮੁਕਾਬਲੇ ਦੀਆਂ ਤਿਆਰੀਆਂ 26 ਅਕਤੂਬਰ, 2019 ਨੂੰ ਵਿਭਾਗ ਦੁਆਰਾ ਜਾਰੀ ਕੀਤੇ ਗਏ ਪੱਤਰ ਦੀਆਂ ਹਦਾਇਤਾਂ ਅਨੁਸਾਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਹਰ ਸਾਲ ਨਵੰਬਰ ਮਹੀਨੇ ਵਿੱਚ ਹੀ ਹੋਇਆ ਕਰਨਗੇ ਅਤੇ ਵਿਭਾਗ ਨੂੰ ਇਸ ਪੱਖੋਂ ਮਾਣ ਹੈ ਕਿ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਪਾਵਨ ਪਵਿੱਤਰ ਮੌਕੇ 'ਤੇ ਹੋਈ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਮੰਗ ਅਤੇ ਸੁਝਾਅ ਪ੍ਰਾਪਤ ਹੋਏ ਸਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਭਾਗ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਗੁਣਾਤਮਕ ਮੁਕਾਬਲੇ ਕਰਵਾਏ ਜਾਣ ਤਾਂ ਜੋ ਵਿਦਿਆਰਥੀਆਂ ਦੀ ਗੁਣਾਤਮਕ ਪ੍ਰਤਿਭਾ ਨਿਖਰ ਕੇ ਸਾਹਮਣੇ ਆ ਸਕੇ। ਇਸ ਮੌਕੇ ਇੰਦਰਜੀਤ ਸਿੰਘ ਡੀਪੀਆਈ ਐਲੀਮੈਂਟਰੀ ਕਮ ਡਾਇਰੈਕਟਰ ਐਸਸੀਈਆਰਟੀ, ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ, ਰਾਜੇਸ਼ ਜੈਨ ਸਟੇਟ ਕੋਆਰਡੀਨੇਟਰ ਸਾਇੰਸ, ਨਿਰਮਲ ਕੌਰ ਸਟੇਟ ਕੋਆਰਡੀਨੇਟਰ ਗਣਿਤ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।