
ਪ੍ਰਦਰਸ਼ਨੀ, ਡਾਕਘਰਾਂ ਤੇ ਐਮਾਜ਼ੋਨ ਤੋਂ ਵੀ ਖਰੀਦ ਸਕਣਗੇ ਸ਼ਰਧਾਲੂ
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼ੁੱਧ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ ਤਿਆਰ ਕਰਵਾਏ ਗਏ ਹਨ ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਤਕ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਹ ਸਿੱਕੇ ਸ਼ਰਧਾਲੂਆਂ ਵਲੋਂ ਖਰੀਦੇ ਜਾ ਰਹੇ ਹਨ, ਜੋ ਇਨ੍ਹਾਂ ਸਿੱਕਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਇਕ ਯਾਦ ਵਜੋਂ ਲੈ ਕੇ ਜਾ ਰਹੇ ਹਨ।
Special gold and silver coins issued by Punjab government
ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਇਹ ਸਿੱਕੇ ਮੈਟਲ ਐਂਡ ਮਿਨਰਲ ਕਾਰਪੋਰੇਸ਼ਨ ਆਫ਼ ਇੰਡੀਆ ਤੋਂ ਤਿਆਰ ਕਰਵਾਏ ਗਏ ਹਨ , ਜੋ ਕਿ ਭਾਰਤ ਸਰਕਾਰ ਦੀ ਏਜੰਸੀ ਹੈ। ਸੋਨੇ ਵਿਚ 5 ਅਤੇ 10 ਗ੍ਰਾਮ ਦੇ ਅਤੇ ਚਾਂਦੀ ਦੇ 50 ਗ੍ਰਾਮ ਦੇ ਲਗਭਗ 3500 ਸਿੱਕੇ ਤਿਆਰ ਕਰਵਾਏ ਗਏ ਹਨ, ਜਿਨਾਂ ਉੱਪਰ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਇਆ ਲੋਗੋ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਨਾਂ ਦੀ ਸਰਟੀਫੀਕੇਸ਼ਨ ਵੀ ਕੀਤੀ ਗਈ ਹੈ। ਸੋਨੇ ਅਤੇ ਚਾਂਦੀ ਦੇ ਇਹ ਸਿੱਕੇ ਦਿਹਾਤੀ ਹੁਨਰ ਨੂੰ ਹੁਲਾਰਾ ਦੇਣ ਲਈ ਪੀ.ਐਸ.ਆਈ.ਈ.ਸੀ. ਵਲੋਂ ਸੁਲਤਾਨਪੁਰ ਲੋਧੀ ਦੇ ਪੁੱਡਾ ਮੈਦਾਨ 'ਚ ਲਗਾਈ ਗਈ ਪ੍ਰਦਰਸ਼ਨੀ 'ਚ ਉਪਲੱਬਧ ਹਨ।
Special gold and silver coins issued by Punjab government
ਕਾਰਪੋਰੇਸ਼ਨ ਦੇ ਐਮ.ਡੀ. ਸਿਬਿਨ ਸੀ. ਨੇ ਦਸਿਆ ਕਿ ਇਹ ਸਿੱਕੇ 99.9 ਫੀਸਦ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਏ ਹਨ ਅਤੇ ਇਨਾਂ ਦੀ ਪੈਕਿੰਗ ਦੇ ਉੱਪਰ ਹੀ ਇਨਾਂ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲਗਾਇਆ ਗਿਆ ਹੈ। ਉਨ੍ਹਾਂ ਦਸਿਆ ਕਿ 5 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 22,500 ਰੁਪਏ ਅਤੇ 10 ਗਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 45,000 ਰੁਪਏ ਰੱਖੀ ਗਈ ਹੈ ਜਦਕਿ ਚਾਂਦੀ ਦੇ 50 ਗਰਾਮ ਦੇ ਸਿੱਕੇ ਦੀ ਕੀਮਤ 3300 ਰੁਪਏ ਨਿਯਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪ੍ਰਦਰਸ਼ਨੀ ਤੋਂ ਇਲਾਵਾ ਇਹ ਸਿੱਕੇ ਵਿਕਰੀ ਲਈ ਪੰਜਾਬ ਭਰ ਵਿਚ ਡਾਕਖਾਨਿਆਂ, ਪੀ.ਐਸ.ਆਈ.ਈ.ਸੀ. ਦੇ ਫੁਲਕਾਰੀ ਐਮਪੋਰੀਅਮ ਤੇ ਐਮਾਜ਼ੋਨ ਤੋਂ ਵੀ ਖਰੀਦੇ ਜਾ ਸਕਦੇ ਹਨ।
Special gold and silver coins issued by Punjab government
ਇਸ ਮੌਕੇ ਪ੍ਰਦਰਸ਼ਨੀ 'ਚ ਸਭ ਤੋਂ ਪਹਿਲਾਂ 50 ਗਰਾਮ ਦਾ ਚਾਂਦੀ ਦਾ ਸਿੱਕਾ ਖਰੀਦਣ ਵਾਲੇ ਮੁਕਤਸਰ ਦੇ ਤ੍ਰਿਪਤਜੀਤ ਸਿੰਘ ਨੇ ਉਤਸ਼ਾਹਿਤ ਹੁੰਦਿਆਂ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦੀ ਯਾਦਗਾਰ ਦੇ ਤੌਰ 'ਤੇ ਇਹ ਸਿੱਕਾ ਖਰੀਦ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਪਹਿਲਾਂ ਵੀ ਉਨਾਂ ਵਲੋਂ ਅਜਿਹੇ ਸਿੱਕੇ ਜੋ ਸਿੱਖ ਪੰਥ ਨਾਲ ਸਬੰਧਤ ਵਿਸ਼ੇਸ਼ ਮੌਕਿਆਂ 'ਤੇ ਜਾਰੀ ਕੀਤੇ ਜਾਂਦੇ ਸਿੱਕੇ ਖਰੀਦ ਕੇ ਸੰਭਾਲ ਕੇ ਰੱਖੇ ਹੋਏ ਹਨ।