
ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾ ਪ੍ਰਕਾਸ਼ ਪੁਰਬ ਵਾਤਾਵਰਣ ਦੀ ਸੰਭਾਲ਼ ਕਰਦੇ ਹੋਏ ਮਨਾਉਣ ਦਾ ਐਲਾਨ ਕੀਤਾ ਹੈ।
ਮੈਲਬਰਨ (ਪਰਮਵੀਰ ਸਿੰਘ ਆਹਲੂਵਾਲੀਆ): ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੀ ਆਸਟ੍ਰੇਲੀਆ ਬ੍ਰਾਂਚ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਾਤਾਵਰਣ ਦੀ ਸੰਭਾਲ਼ ਕਰਦੇ ਹੋਏ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੈਲਬਰਨ ਵਿਚ ਆਪਣੇ ਇਸ ਕਾਰਜ ਦਾ ਅਰੰਭ ਕੀਤਾ ਹੈ। ਸ਼ੁਰੂਆਤ ਦੌਰਾਨ ਹੀ ਵਲੰਟੀਅਰਾਂ ਵੱਲੋਂ ਸਥਾਨਕ ਪਾਰਕਾਂ ਦੀ ਸਫ਼ਾਈ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਗਿਆ।
Khalsa aid
ਇਸ ਦੇ ਨਾਲ ਦੁਨੀਆ ਭਰ ਵਿਚ ਵਸ ਰਹੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕਈ ਯੋਜਨਾਵਾਂ ਚਲਾ ਰਹੇ ਹਨ। ਵਿਦੇਸ਼ੀ ਸਿੱਖਾਂ ਵੱਲੋਂ ਇਸੇ ਤਰ੍ਹਾਂ ਦੀ ਯੋਜਨਾ ਜਿਸ ਦਾ ਨਾਂਅ “gift to entire planet” ਭਾਵ ਪੂਰੇ ਗ੍ਰਹਿ ਨੂੰ ਤੋਹਫ਼ਾ, ਚਲਾਈ ਜਾ ਰਹੀ ਹੈ। ਇਕ ਅੰਗਰੇਜ਼ੀ ਅਖ਼ਬਾਰ ਅਨੁਸਾਰ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਵਾਤਾਵਰਣ ਵਿਚ ਹੋ ਰਹੀ ਗਿਰਾਵਟ ਨੂੰ ਖ਼ਤਮ ਕਰਨਾ ਅਤੇ ਸਮੁੱਚੀ ਮਾਨਵਤਾ ਨੂੰ ਕੁਦਰਤ ਨਾਲ ਜੋੜਨਾ ਹੈ। ਇਸ ਯੋਜਨਾ ਤਹਿਤ ਈਕੋਸਿੱਖ ਸੰਸਥਾ ਨੇ ਹਜ਼ਾਰਾਂ ਗੁਰਦੁਆਰਿਆਂ ਅਤੇ ਭਾਰਤ, ਮਲੇਸ਼ੀਆ, ਪਾਕਿਸਤਾਨ, ਯੂਐਸ, ਯੂਕੇ, ਅਸਟ੍ਰੇਲੀਆ, ਫਰਾਂਸ, ਹੋਂਗ-ਕਾਂਗ, ਨਾਰਵੇ ਸਮੇਤ ਹੋਰ ਕਈ ਦੇਸ਼ਾਂ ਦੀਆਂ ਸੰਸਥਾਵਾਂ ਦਾ ਸਹਿਯੋਗ ਲਿਆ ਹੈ।
Khalsa aid
ਜ਼ਿਕਰਯੋਗ ਹੈ ਕਿ ਖ਼ਾਲਸਾ ਏਡ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਤੇ ਵਿਸ਼ਵ-ਪਧਰੀ ਪਿਆਰ ‘ਤੇ ਅਧਾਰਤ ਹੈ। ਇਹ ਸੰਸਥਾ ਨਿਰਸਵਾਰਥ ਵਿਸ਼ਵ ਭਰ ਵਿਚ ਲੋਕਾਂ ਦੀ ਸੇਵਾ ਕਰ ਰਹੀ ਹੈ। ਖ਼ਾਲਸਾ ਏਡ ਨੇ ਸੰਸਾਰ ਭਰ ਵਿਚ ਤਬਾਹੀ, ਯੁੱਧ, ਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।