Barnala News : ਬਰਨਾਲਾ ਦੇ ਪੰਜ ਸਾਹਿਤਕਾਰਾਂ ਨੂੰ ਸਰਵੋਤਮ ਪੁਸਤਕਾਂ ਲਈ ਮਿਲੇ ਐਵਾਰਡ
Barnala News : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਅਗਾਜ਼ ਮੌਕੇ ਭਾਸ਼ਾ ਭਵਨ ਪਟਿਆਲਾ ਵਿਖੇ ਪਿਛਲੇ ਤਿੰਨ ਸਾਲਾਂ ਦੇ ਸਰਵੋਤਮ ਪੁਸਤਕਾਂ ਦੇ ਜੇਤੂ 30 ਲੇਖਕਾਂ ਨੂੰ ਐਵਾਰਡਾਂ ਦੀ ਵੰਡ ਕੀਤੀ ਗਈ। ਬਰਨਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ 30 ਐਵਾਰਡ ਜੇਤੂ ਲੇਖਕਾਂ ਵਿੱਚੋਂ ਪੰਜ ਲੇਖਕ ਬਰਨਾਲਾ ਨਾਲ ਸਬੰਧਤ ਹਨ।
ਪਰਮਜੀਤ ਮਾਨ, ਤੇਜਾ ਸਿੰਘ ਤਿਲਕ, ਬੂਟਾ ਸਿੰਘ ਚੌਹਾਨ, ਸੁਦਰਸ਼ਨ ਗਾਸੋ ਤੇ ਨਵਦੀਪ ਸਿੰਘ ਗਿੱਲ ਨੂੰ ਸਰਵੋਤਮ ਪੁਸਤਕਾਂ ਲਈ ਐਵਾਰਡ ਮਿਲਣ ਉੱਤੇ ਬਰਨਾਲਾ ਦੇ ਸਾਹਿਤਕਾਰਾਂ ਵੱਲੋਂ ਵਧਾਈ ਦਿੱਤੀ ਗਈ ਹੈ। ਉੱਘੇ ਲੇਖਕ ਓਮ ਪ੍ਰਕਾਸ਼ ਗਾਸੋ, ਪ੍ਰੋ ਰਵਿੰਦਰ ਭੱਠਲ, ਜੋਗਿੰਦਰ ਨਿਰਾਲਾ, ਭੋਲਾ ਸਿੰਘ ਸੰਘੇੜਾ, ਡਾ ਸੰਪੂਰਨ ਟੱਲੇਵਾਲੀਆ, ਰਣਜੀਤ ਆਜ਼ਾਦ ਕਾਂਝਲਾ ਤੇ ਪਵਨ ਪਰਿੰਦਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਬਰਨਾਲਾ ਦੀ ਧਰਤੀ ਲਈ ਮਾਣ ਵਾਲੀ ਗੱਲ ਹੈ ਅਤੇ ਨਵੀਂ ਉਮਰ ਦੇ ਸਾਹਿਤਕਾਰਾਂ ਨੇ ਬਰਨਾਲਾ ਦੀ ਸਾਹਿਤ ਜਗਤ ਵਿੱਚ ਦੇਣ ਨੂੰ ਅੱਗੇ ਵਧਾਇਆ ਹੈ।
ਭਾਸ਼ਾ ਵਿਭਾਗ ਵੱਲੋਂ ਸਨਮਾਨਤ ਕੀਤੇ ਬਰਨਾਲਾ ਦੇ ਸਾਹਿਤਕਾਰਾਂ ਵਿੱਚੋਂ ਸਾਲ 2024 ਦੇ ਐਵਾਰਡਾਂ ਵਿੱਚੋਂ ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ- ਛੱਲਾਂ ਨਾਲ ਗੱਲਾਂ’ ਨੂੰ ਡਾ. ਐਮ. ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਤੇਜਾ ਸਿੰਘ ਤਿਲਕ ਦੀ ਪੁਸਤਕ ‘ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ (ਨੰਦ ਕੁਮਾਰ ਦੇਵ ਸ਼ਰਮਾ)’ ਨੂੰ ਪ੍ਰੋ ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਸਾਲ 2023 ਦੇ ਐਵਾਰਡਾਂ ਵਿੱਚੋਂ ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਚੋਰ ਉਚੱਕੇ’ (ਲਕਸ਼ਮਣ ਗਾਇਕਵਾੜ) ਨੂੰ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਅਤੇ ਸਾਲ 2022 ਦੇ ਐਵਾਰਡਾਂ ਵਿੱਚੋਂ ਸੁਦਰਸ਼ਨ ਗਾਸੋ ਦੀ ਪੁਸਤਕ ‘ਕਿੰਨਾ ਸੋਹਣਾ ਅੰਬਰ ਲਗਦੈ’ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਤੇ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਉੱਡਣਾ ਬਾਜ਼’ ਨੂੰ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ਕੋਸ਼ਕਾਰੀ) ਦਿੱਤਾ ਗਿਆ।
(For more news flag of the literary capital Barnala in best books of the language department News in Punjabi, stay tuned to Rozana Spokesman)