
ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਮਾਨਸਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ...
ਬੁਢਲਾਡਾ : ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਮਾਨਸਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਸਰਕਾਰ ਵਲੋਂ ਡਾਕਟਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਕੈਦੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਬਿਮਾਰ ਕੈਦੀਆਂ ਨੂੰ ਤੰਦਰੁਸਤ ਕੈਦੀਆਂ ਤੋਂ ਵੱਖ ਰੱਖਿਆ ਜਾਵੇਗਾ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਕੰਮ ਪਟਿਆਲਾ ਜੇਲ੍ਹ ਤੋਂ ਸ਼ੁਰੂ ਕਰ ਦਿਤਾ ਜਾਵੇਗਾ ਅਤੇ ਇਸ ਕੰਮ ਵਿਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਗੱਲਬਾਤ ਦੌਰਾਨ ਰੰਧਾਵਾ ਨੇ ਜੇਲ੍ਹਾਂ ਦੇ ਅੰਦਰ ਨਸ਼ਾ ਅਤੇ ਮੋਬਾਇਲ ਮਿਲਣ ਸਬੰਧੀ ਸਵਾਲ ‘ਤੇ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਸਕੈਨਰ ਲਗਵਾਉਣ ਦੀ ਤਜਵੀਜ ਹੈ, ਜੋ ਕਿ 23 ਜੇਲ੍ਹਾਂ ਵਿਚ ਲਗਾਇਆ ਜਾਵੇਗਾ।
ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਦੀ ਮੰਗ ਕੀਤੀ ਗਈ ਹੈ। ਇਸ ਦੇ ਲੱਗਣ ਨਾਲ ਜੇਲ੍ਹ ਦੇ ਅੰਦਰ ਜਾਣ ਵਾਲਾ ਹਰ ਵਿਅਕਤੀ ਭਾਵੇਂ ਉਹ ਅਫ਼ਸਰ ਹੋਵੇ ਚਾਹੇ ਮੁਲਾਜ਼ਮ ਹੋਵੇ ਇਸ ਸਕੈਨਰ ਵਿਚੋਂ ਲੰਘ ਕੇ ਜਾਵੇਗਾ। ਇਸ ਮੌਕੇ ਹਲਕਾ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ, ਪੀ.ਏ. ਪ੍ਰਵੇਸ਼ ਕੁਮਾਰ ਹੈਪੀ, ਕੁਲਵੰਤ ਰਾਏ ਸਿੰਗਲਾ ਬਰੇਟਾ, ਰਣਜੀਤ ਸਿੰਘ ਦੋਦੜਾ, ਕੇ.ਸੀ ਬਾਵਾ, ਬਲਵਿੰਦਰ ਸੈਦੇਵਾਲਾ ਆਦਿ ਆਗੂਆਂ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਮੰਤਰੀ ਦਾ ਭਰਵਾਂ ਸਵਾਗਤ ਕੀਤਾ।