
ਗ੍ਰਹਿ ਵਿਭਾਗ ਨੇ ਇਹ ਕਾਰਵਾਈ ਡੀਜੀਪੀ ਦੀ ਸਿਫ਼ਾਰਸ਼ ’ਤੇ ਕੀਤੀ ਹੈ।
ਚੰਡੀਗੜ੍ਹ: ਪੰਜਾਬ ਦੇ ਗ੍ਰਹਿ ਵਿਭਾਗ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਕਾਰਵਾਈ ਕਰਦਿਆਂ ਐਸਪੀ ਰੈਂਕ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗੋਲੀ ਕਾਂਡ ਸਮੇਂ ਕੋਟਕਪੂਰਾ ਵਿਖੇ ਡੀਐਸਪੀ ਸੀ ਤੇ ਫਿਲਹਾਲ ਐਸਪੀ ਬਲਜੀਤ ਸਿੰਘ ਤੇ ਐਸਪੀ ਪਰਮਜੀਤ ਸਿੰਘ ਪਨੂੰ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਵਿਭਾਗ ਨੇ ਇਹ ਕਾਰਵਾਈ ਡੀਜੀਪੀ ਦੀ ਸਿਫ਼ਾਰਸ਼ ’ਤੇ ਕੀਤੀ ਹੈ।
ਬਲਜੀਤ ਸਿੰਘ ਤੇ ਐਸਪੀ ਪਰਮਜੀਤ ਸਿੰਘ ਪਨੂੰ ਖਿਲਾਫ ਕੋਟਕਪੂਰਾ ਗੋਲੀ ਕਾਂਡ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਨੇ ਇਰਾਦਾ-ਏ-ਕਤਲ ਤੇ ਹੋਰ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ। ਚਾਰਜਸ਼ੀਟ ਦੇ ਅਧਾਰ ਤੇ ਹੀ ਹੁਣ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ
ਯਾਦ ਰਹੇ 14 ਅਕਤੂਬਰ, 2015 ਨੂੰ ਬਹਿਬਲ ਕਲਾਂ ਵਿੱਚ ਪੁਲਿਸ ਦੇ ਤਸ਼ੱਦਦ ਖ਼ਿਲਾਫ਼ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ਉੱਪਰ ਗੋਲੀ ਚਲਾ ਕੇ ਪੁਲਿਸ ਨੇ ਪਿੰਡ ਬਹਿਬਲ ਕਲਾਂ ਦੇ ਵਸਨੀਕ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ 44 ਵਿਅਕਤੀ ਸਿੱਖ ਜਖ਼ਮੀ ਹੋ ਗਏ ਸਨ। ਕੋਟਕਪੂਰਾ ਗੋਲੀ ਕਾਂਡ ਨੂੰ ਪੁਲਿਸ ਨੇ ਆਪਣੇ ਉੱਪਰ ਹੋਇਆ ਹਮਲਾ ਦਰਸਾਉਣ ਲਈ ਵੱਡੀ ਪੱਧਰ ’ਤੇ ਝੂਠੇ ਦਸਤਾਵੇਜ਼ ਤੇ ਗਵਾਹੀਆਂ ਤਿਆਰ ਕੀਤੀਆਂ ਪਰ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਕਿ ਪੁਲਿਸ ਸੱਚ ਛੁਪਾ ਰਹੀ ਸੀ।
ਕੈਪਟਨ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਤੋਂ ਬਾਅਦ ਪੰਜ ਪੁਲਿਸ ਅਧਿਕਾਰੀਆਂ ਨੂੰ ਬਹਿਬਲ ਕਾਂਡ ਦਾ ਦੋਸ਼ੀ ਮੰਨਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਸੀ।