
ਝੂਠੇ ਵਾਅਦੇ ਅਤੇ ਮੁਫ਼ਤਖੋਰੀ ਦੇ ਸੁਪਨੇ ਵਿਖਾਉਣ ਵਾਲੇ ਲੀਡਰਾਂ ਨੂੰ ਵਿਖਾਇਆ ਸ਼ੀਸ਼ਾ
ਪਟਿਆਲਾ: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ‘ਸਪੋਕਸਮੈਨ ਦੀ ਸੱਥ’ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਆਉਣ ਵਾਲੀ ਸਰਕਾਰ ਨੂੰ ਲੈ ਕੇ ਉਹਨਾਂ ਦੀਆਂ ਉਮੀਦਾਂ ਸਬੰਧੀ ਉਹਨਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ‘ਸਪੋਕਸਮੈਨ ਦੀ ਸੱਥ’ ਦੀ ਲੜੀ ਤਹਿਤ ਰੋਜ਼ਾਨਾ ਸਪੋਕਸਮੈਨ ਦੀ ਟੀਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਵਿਖੇ ਪਹੁੰਚੇ। ਇਸ ਦੌਰਾਨ ਇਲਾਕੇ ਦੇ 25 ਪਿੰਡਾਂ ਦੇ ਲੋਕਾਂ ਨੇ ਸਰਕਾਰਾਂ ਖਿਲਾਫ਼ ਅਪਣੀ ਭੜਾਸ ਕੱਢੀ।
ਸੱਥ ਵਿਚ ਪਹੁੰਚੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿ ਉਹ ਕਾਂਗਰਸ ਦੀ ਮੌਜੂਦਾ ਢਾਈ ਮਹੀਨਿਆਂ ਦੀ ਸਰਕਾਰ ਤੋਂ ਬਹੁਤ ਖੁਸ਼ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਤੋਂ ਨਿਰਾਸ਼ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਦਿਆਂ ਹੀ ਪਿੰਡਾਂ ਨੂੰ ਗ੍ਰਾਂਟ ਮਿਲ ਰਹੀ ਹੈ, ਲੋਕਾਂ ਦੇ ਸਾਰੇ ਅਧੂਰੇ ਕੰਮ ਪੂਰੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਲੋਕਾਂ ਨੂੰ ਕਈ ਮੁਸ਼ਕਿਲਾਂ ਆਉਂਦੀਆਂ ਸਨ ਪਰ ਚੰਨੀ ਸਰਕਾਰ ਨੇ ਸਾਰੇ ਕੰਮ ਪੂਰੇ ਕਰ ਦਿੱਤੇ ਜਿਵੇਂ ਬਲਾਕ ਦਾ ਬੱਸ ਅੱਡਾ ਅਤੇ ਸਮਾਣਾ ਸੀਵਰੇਜ ਦਾ ਮੁੱਦਾ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਾਈਵੇਟ ਕਾਲਜ ਨੂੰ ਵੀ ਸਰਕਾਰੀ ਕਾਲਜ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਗਰੀਬ ਘਰ ਦੇ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ।
ਸਿਆਸੀ ਪਾਰਟੀਆਂ ਦੇ ਮੁਫ਼ਤ ਐਲਾਨਾਂ ਬਾਰੇ ਗੱਲ਼ ਕਰਦਿਆਂ ਹਲਕੇ ਦੇ ਲੋਕਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੁਫਤ ਸਕੀਮਾਂ ਦਾ ਲਾਲਚ ਦੇ ਕੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਹੁਣ ਲੋਕ ਇਹਨਾਂ ਸਕੀਮਾਂ ਦੇ ਲਾਲਚ ਵਿਚ ਨਹੀਂ ਆਉਣਗੇ। ਜ਼ਮੀਨੀ ਪੱਧਰ ’ਤੇ ਜਾ ਕੇ ਦੇਖਿਆ ਜਾਵੇ ਤਾਂ ਲੋਕ ਮੁਫ਼ਤ ਸਕੀਮਾਂ ਦੀ ਬਜਾਏ ਮੁਫਤ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਦੀ ਮੰਗ ਕਰ ਰਹੇ ਹਨ। ਸਿਹਤ ਸਹੂਲਤਾਂ ਬਾਰੇ ਗੱਲ ਕਰਦਿਆਂ ਹਲਕੇ ਦੇ ਲੋਕਾਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਸਿਹਤ ਸਹੂਲਤਾਂ ਦਾ ਬੁਰਾ ਹਾਲ ਸੀ, ਜੇਕਰ ਕੋਈ ਬਿਮਾਰ ਵਿਅਕਤੀ ਹਸਪਤਾਲ ਜਾਂਦਾ ਸੀ ਤਾਂ ਉਸ ਦੀ ਲਾਸ਼ ਹੀ ਘਰ ਵਾਪਸ ਆਉਂਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸਿਰਫ ਵੱਡੇ ਲੋਕਾਂ ਨੂੰ ਹੀ ਸਹੀ ਇਲਾਜ ਮਿਲਦਾ ਹੈ, ਹਸਪਤਾਲਾਂ ਵਿਚ ਆਮ ਇਨਸਾਨ ਨੂੰ ਕੋਈ ਨਹੀਂ ਪੁੱਛਦਾ।
ਸਮਾਰਟ ਸਕੂਲਾਂ ਨੂੰ ਲੈ ਕੇ ਸਰਕਾਰਾਂ ’ਤੇ ਤੰਜ਼ ਕੱਸਦਿਆਂ ਹਲਕੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਿਰਫ਼ 2-3 ਲੀਟਰ ਪੇਂਟ ਲੱਗਦਾ ਹੈ। ਪੇਂਟ ਕਰਕੇ ਸਕੂਲਾਂ ਉੱਤੇ ਸਮਾਰਟ ਸਕੂਲ ਲਿਖ ਦਿੱਤਾ ਜਾਂਦਾ ਹੈ। ਪੰਜਾਬ ਵਿਚ ਅਜਿਹੇ ਕਈ ਸਕੂਲ ਬਣੇ ਹਨ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਸਕੂਲਾਂ ਵਿਚ ਵਧੀਆ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਗਰੀਬ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚ ਸਕਣ।
ਪਿੰਡ ਧਨੌਰੀ ਦੇ ਸਰਪੰਚ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਸਕੂਲ ਵਾਕਈ ਸਮਾਰਟ ਸਕੂਲ ਹੈ, ਉੱਥੇ ਵਿਦਿਆਰਥੀਆਂ ਲਈ ਕੰਪਿਊਟਰ ਮੰਗਵਾਏ ਗਏ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਤਕਨੀਕ ਜ਼ਰੀਏ ਵਧੀਆ ਪੜ੍ਹਾਈ ਕਰਵਾਈ ਜਾ ਰਹੀ ਹੈ। ਕਈ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਨਵੀਨੀਕਰਨ ਲਈ ਉਹਨਾਂ ਨੂੰ ਸਰਕਾਰਾਂ ਵਲੋਂ ਕੋਈ ਗ੍ਰਾਂਟ ਨਹੀਂ ਮਿਲੀ ਪਰ ਪੰਚਾਇਤ ਨੇ ਅਪਣੇ ਪੱਧਰ ’ਤੇ ਸਕੂਲਾਂ ਦਾ ਪੂਰਾ ਵਿਕਾਸ ਕਰਵਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਚਾਇਤਾਂ ਇਮਾਨਦਾਰੀ ਨਾਲ ਕੰਮ ਕਰਨ ਤਾਂ ਹੀ ਪਿੰਡ ਦਾ ਵਿਕਾਸ ਕਰਵਾਇਆ ਜਾ ਸਕਦਾ ਹੈ। ਸਾਨੂੰ ਸਰਕਾਰਾਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ।
ਨਸ਼ੇ ਦੇ ਮੁੱਦੇ ਬਾਰੇ ਗੱਲ ਕਰਦਿਆਂ ਹਲਕੇ ਦੇ ਲੋਕਾਂ ਨੇ ਦੱਸਿਆ ਕਿ ਆਲੇ-ਦੁਆਲੇ ਦੇ ਪਿੰਡਾਂ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਹਰ ਰੋਜ਼ ਨਸ਼ਾ ਵਧ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਰਲ ਕੇ ਸਰਕਾਰ ਚਲਾਈ, ਜਿਸ ਦੌਰਾਨ ਨਸ਼ੇ ਵਿਚ ਬਹੁਤ ਵਾਧਾ ਹੋਇਆ। ਉਹਨਾਂ ਦਾ ਕਹਿਣਾ ਹੈ ਕਿ ਕਈ ਥਾਈਂ ਤਾਂ ਨਸ਼ਾ ਅਤੇ ਸ਼ਰਾਬ ਘਰ ਤੱਕ ਪਹੁੰਚਾਈ ਜਾਂਦੀ ਸੀ। ਨੌਜਵਾਨਾਂ ਨੇ ਕਿਹਾ ਕਿ ਸਾਨੂੰ ਖੁਦ ਬਦਲਣਾ ਚਾਹੀਦਾ ਹੈ ਤਾਂ ਹੀ ਅਸੀਂ ਪੂਰੇ ਪੰਜਾਬ ਜਾਂ ਦੇਸ਼ ਨੂੰ ਬਦਲ ਸਕਦੇ ਹਾਂ। ਹਲਕੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਐਮ.ਏ ਤੱਕ ਪੜ੍ਹਾਈ ਕੀਤੀ ਹੈ ਪਰ ਬੇਰੁਜ਼ਗਾਰੀ ਦੇ ਚਲਦਿਆਂ ਉਹ ਘਰ ਵੇਹਲੇ ਬੈਠਣ ਲਈ ਮਜਬੂਰ ਹਨ। ਕਿਤੇ ਕੋਈ ਨੌਕਰੀ ਨਹੀਂ ਮਿਲ ਰਹੀ। ਇਲਾਕੇ ਵਿਚ ਫੈਕਟਰੀ ਲਗਵਾਉਣ ਲਈ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੇਂਦਰ ਅਤੇ ਭਾਜਪਾ ਨੂੰ ਲੈ ਕੇ ਹਲਕੇ ਦੇ ਲੋਕਾਂ ਵਿਚ ਨਾਰਾਜ਼ਗੀ ਦਿਖਾਈ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਲਈ ਉਹ ਭਾਜਪਾ ਨੂੰ ਕਦੀ ਮੁਆਫ ਨਹੀਂ ਕਰਨਗੇ। ਪੰਜਾਬ ਵਿਚ ਉਹਨਾਂ ਨੂੰ ਕਦੀ ਵੋਟਾਂ ਨਹੀਂ ਮਿਲਣਗੀਆਂ। ਇਸ ਤੋਂ ਇਲ਼ਾਵਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਨੂੰ ਵੀ ਝੂਠ ਦੱਸਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਵਜੋਤ ਸਿੱਧੂ ਦੀ ਸੋਚ ਉੱਤੇ ਹੀ ਪਹਿਰਾ ਦੇਣਗੇ।