
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ‘ਗੁਰਬਾਣੀ ਸੰਥਿਆ-ਪੰਜ ਰੋਜ਼ਾ ਕਾਰਜਸ਼ਾਲਾ’ ਸਮਾਪਤ
ਬਹਾਦਰਗੜ੍ਹ, ਪਟਿਆਲਾ, 15 ਅਕਤੂਬਰ (ਦਲਜਿੰਦਰ ਸਿੰਘ) : ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ’ ਬਹਾਦਰਗੜ੍ਹ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਕਰਵਾਈ ਗੁਰਬਾਣੀ ਸੰਥਿਆ ਪੰਜ ਰੋਜ਼ਾ ਕਾਰਜਸ਼ਾਲਾ’ ਅੱਜ ਸਮਾਪਤ ਹੋਈ। ਕਾਰਜਸ਼ਾਲਾ ਦੇ ਆਖ਼ਰੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਪਣੇ ਸੰਬੋਧਨ ’ਚ ਕਿਹਾ ਕਿ ਗੁਰਬਾਣੀ ਨੂੰ ਸ਼ੁੱਧ ਰੂਪ ਵਿਚ ਪੜ੍ਹਨ ਨਾਲ ਹੀ ਗੁਰੂ ਸਾਹਿਬਾਨ ਪ੍ਰਤੀ ਅਦਬ ਅਤੇ ਸਤਿਕਾਰ ਕਾਇਮ ਰਹਿ ਸਕਦਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅੱਜ ਲੋੜ ਹੈ ਗੁਰਬਾਣੀ ਨੂੰ ਉਵੇਂ ਹੀ ਪੜਿ੍ਹਆ ਜਾਵੇ, ਜਿਵੇਂ ਗੁਰਬਾਣੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੀਆਂ ਕਾਰਜਸ਼ਾਲਾਵਾਂ ਜਾਰੀ ਰਹਿਣਗੀਆਂ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਬਾਣੀ ਦੀ ਸ਼ੁਧਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਪਰਾਲਾ ਜਿਥੇ ਸ਼ਲਾਘਾਯੋਗ ਹੈ, ਉਥੇ ਹੀ ਗੁਰਬਾਣੀ ਨੂੰ ਮਰਿਆਦਾ ਅਨੁਸਾਰ ਹੀ ਪੜਿ੍ਹਆ ਜਾਵੇ। ਵਾਧੂ ਲਗਾਂ ਅਤੇ ਮਾਤਰਾਵਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲ ਦੇ ਆਧਾਰ ’ਤੇ ਗ੍ਰੰਥੀ ਸਾਹਿਬਾਨ, ਸਕਾਲਰ, ਖੋਜਾਰਥੀ ਅਤੇ ਮੁਲਾਜ਼ਮਾਂ ਦੇ ਰਿਫ਼ੈਸਰ ਕੋਰਸ ਮੁੜ ਸ਼ੁਰੂ ਕਰਨੇ ਚਾਹੀਦੇ ਹਨ। ਬੈਚੂਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ) ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਸ਼ਬਦ ਪੜਿ੍ਹਆ ਜਿਸ ਦੀ ਤਿਆਰੀ ਭਾਈ ਜਸਵਿੰਦਰ ਸਿੰਘ ਜੀ ਨੇ ਕਰਵਾਈ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।
ਫੋਟੋ ਨੰ 15ਪੀਏਟੀ. 5