ਭਾਰਤੀ ਜਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਦੀ ਸਾਂਭ-ਸੰਭਾਲ ਲਈ ਬੁੱਧੀਜੀਵੀਆਂ ਵਲੋਂ ਲਾਮਬੰਦੀ ਦਾ ਐਲਾਨ
ਚੰਡੀਗੜ੍ਹ, 7 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਤ ਕੀਤੇ ਵਿਸ਼ੇਸ਼ ਸਮਾਗਮ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਇਕੱਤਰ ਹੋਏ ਪ੍ਰੋਫ਼ੈਸਰਾਂ, ਬੁੱਧੀਜੀਵੀਆਂ, ਡੀਨ, ਡਾਇਰੈਕਟਰਾਂ ਅਤੇ ਉਪਕੁੁਲਪਤੀਆਂ ਨੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਕਿਸਾਨ (ਅਸਲ ਵਿਚ ਨਾਗਰਿਕ) ਵਿਰੋਧੀ ਕਾਨੂੰਨਾਂ ਦੀ ਨਿੰਦਿਆਂ ਕਰਦਿਆਂ ਇਨ੍ਹਾਂ ਨੂੰ ਤੁਰਤ ਰੱਦ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ |
ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਕਿਰਪਾਲ ਸਿੰਘ ਔਲਖ, ਸਾਬਕਾ ਉਪ ਕੁੁਲਪਤੀ, ਪੀ ਏ ਯੂ, ਨੇ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵਲੋਂ ਭਾਰਤੀ ਜਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਦੀ ਮਦਦ ਲਈ ਆਰੰਭ ਕੀਤੇ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਨੇਕ ਅਤੇ ਸ਼ਲਾਘਾਯੋਗ ਕਾਰਜ ਵਿਚ ਹਰ ਨਾਗਰਿਕ ਨੂੰ ਮਦਦ ਕਰਨੀ ਚਾਹੀਦੀ ਹੈ | ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮੈਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਸਮੁੱਚੀ ਆਰਥਕਤਾ ਕਿਸਾਨ ਤੇ ਨਿਰਭਰ ਕਰਦੀ ਹੈ | ਜਿਸ ਦੇਸ਼ ਦਾ ਕਿਸਾਨ ਹੀ ਪ੍ਰੇਸ਼ਾਨ ਹੋਵੇ ਉਹ ਦੇਸ਼ ਕਦੀ ਖ਼ੁਸ਼ਹਾਲ ਨਹੀਂ ਹੋ ਸਕਦਾ | ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਿਨਾਂ ਹੋਰ ਦੇਰੀ ਕੀਤਿਆਂ ਇਮਾਨਦਾਰੀ ਨਾਲ ਅਪਣੀ ਜ਼ੁੰਮੇਵਾਰੀ ਨਿਭਾਉਣ ਲਈ ਅੱਗੇ ਆਉਣ ਲਈ ਕਿਹਾ |
ਡਾ. ਕਿਰਪਾਲ ਸਿੰਘ ਔਲਖ ਸਮੇਤ ਡਾ. ਇੰਦਰਜੀਤ ਸਿੰਘ, ਉਪਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਡਾ. ਮਨਜੀਤ ਸਿੰਘ ਕੰਗ, ਸਾਬਕਾ ਉਪਕੁਲਪਤੀ, ਪੀ.ਏ.ਯੂ, ਡਾ. ਐਸ ਪੀ ਸਿੰਘ, ਸਾਬਕਾ ਉਪਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਗੁਰਸ਼ਰਨ ਸਿੰਘ ਸਾਬਕਾ ਉਪਕੁਲਪਤੀ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦੀ ਵੈੱਬਸਾਈਟ ਉਪਰ ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਪੋਰਟਲ ਦਾ ਰਸਮੀ ਉਦਘਾਟਨ ਕੀਤਾ | ਡਾ. ਵਰਿੰਦਰਪਾਲ ਸਿੰਘ, ਚੇਅਰਮੈਨ, ਆਤਮ ਪਰਗਾਸ ਅਤੇ ਪ੍ਰਮੁੱਖ ਭੂਮੀ ਵਿਗਿਆਨੀ, ਪੀਏਯੂ ਨੇ ਅਪਣੇ ਕੁੰਜੀਵਤ ਭਾਸ਼ਣ ਵਿਚ ਬੁੱਧੀਜੀਵੀਆਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਬੁੱਧੀਜੀਵੀ ਉਹ ਹੁੰਦਾ ਹੈ ਜੋ ਸਮੱਸਿਆ ਦੀ ਆਮਦ ਤੋਂ ਪਹਿਲਾਂ ਹੀ ਹਾਲਾਤ ਨੂੰ ਸਮਝ ਕੇ ਸਮੱਸਿਆ ਦਾ ਹੱਲ ਕਰਨ ਲਈ ਚੇਤੰਨ ਹੋਵੇ, ਪਰ ਅਫ਼ਸੋਸ ਹੈ ਕਿ ਦੇਸ਼ ਦਾ ਕਿਸਾਨ ਪਿਛਲੇ ਪੰਜ ਮਹੀਨਿਆਂ ਤੋੋਂ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਦੀ ਰਖਿਆ ਲਈ ਸੜਕਾਂ ਤੇ ਬੈਠਾ ਸ਼ਾਂਤਮਈ ਸੰਘਰਸ਼ ਲੜ ਰਿਹਾ ਹੈ ਪਰ ਬੁੱਧੀਜੀਵੀ ਵਰਗ ਨੇ ਅਜੇ ਤਕ ਸੰਗਠਤ ਰੂਪ ਵਿਚ ਠੋਸ ਅਗਵਾਈ ਨਹੀਂ ਦਿਤੀ | ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਭਾਵੇਂ ਬਹੁਤ ਸਾਰੇ ਸੇਵਾਮੁਕਤ ਬੁੱਧੀਜੀਵੀ ਅਤੇ ਅਫ਼ਸਰ ਨਿਜੀ ਹੈਸੀਅਤ ਵਿਚ ਭਾਰਤ ਦੀ ਪਰਜਾ ਦੇ ਹੱਕਾਂ ਦੀ ਰਾਖੀ ਲਈ
ਕਿਸਾਨ ਸੰਘਰਸ਼ ਨੂੰ ਹਮਾਇਤ ਦੇ ਰਹੇ ਹਨ, ਪਰ ਜ਼ੁੰਮੇਵਾਰ ਕੁਰਸੀਆਂ ਤੇ ਬੈਠੀ ਅਫ਼ਸਰਸ਼ਾਹੀ ਨੇ ਮੋਨ ਧਾਰਿਆ ਹੋਇਆ ਹੈ | ਡਾ. ਨਛੱਤਰ ਸਿੰਘ, ਡਾਇਰੈਕਟਰ ਆਤਮ ਪਰਗਾਸ ਅਤੇ ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ
ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਮੰਚ ਦਾ ਸੰਚਾਲਨ ਕਰਦਿਆਂ ਦਸਿਆ ਕਿ ਇਸ ਕਾਰਜ ਨੂੰ ਨਿਪੁੰਨਤਾ ਨਾਲ ਕਰਨ ਲਈ ਪੂਰੀ ਵਿਉਂਤਬੰਦੀ ਕਰ ਲਈ ਗਈ ਹੈ | ਦੇਸ਼ ਦੇ 300 ਤੋਂ ਵੱਧ ਸਕੂਲਾਂ ਵਿਚ ਸਥਾਪਤ ਆਤਮ ਪਰਗਾਸ ਯੂਨਿਟਾਂ ਦੇ ਸਹਿਯੋਗ ਨਾਲ ਸਮੂਹ ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਦੀ ਸਾਂਭ ਸੰਭਾਲ ਲਈ ਤੁਰਤ ਯਤਨ ਅਰੰਭ ਕਰ ਦਿਤੇ ਜਾਣਗੇ | ਇਨ੍ਹਾਂ ਕਾਰਜਾਂ ਦੀ ਸਫ਼ਲਤਾ ਲਈ ਬਣਾਈ ਗਈ ਸਮਾਜ ਭਲਾਈ ਕਮੇਟੀ ਵਿਚ ਡਾ. ਗੁਰਸ਼ਰਨ ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ; ਡਾ. ਗੁਰਸ਼ਰਨ ਸਿੰਘ, ਸਾਬਕਾ ਡੀਨ ਪੋਸਟ ਗਰੈਜੂਏਟ ਸਟੱਡੀਜ, ਪੀਏਯੂ; ਡਾ. ਰਵਿੰਦਰ ਕੌਰ, ਵਿਦਿਆਰਥੀ ਭਲਾਈ ਅਫ਼ਸਰ , ਪੀਏਯੂ; ਡਾ. ਰਮੇਸ਼ ਕੁਮਾਰ, ਸਾਬਕਾ ਡਾਇਰੈਕਟਰ, ਡਾਇਰੈਕਟੋਟੇਟ ਆਫ਼ ਫਲੋਰੀਕਲਚਰ, ਆਈ. ਸੀ. ਏ. ਆਰ; ਨਵੀਂ ਦਿੱਲੀ, ਡਾ. ਬੀਰਬਿਕਰਮ ਸਿੰਘ, ਡੀਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ; ਡਾ. ਤਜਿੰਦਰਜੀਤ ਸਿੰਘ, ਸਾਬਕਾ ਵਿਗਿਆਨੀ ਅਤੇ ਇਸਟੇਟ ਅਫ਼ਸਰ, ਪੀਏਯੂ; ਡਾ. ਇੰਦਰ ਮੋਹਨ ਛਿੱਬਾ, ਸਾਬਕਾ ਭੂਮੀ ਵਿਗਿਆਨੀ, ਪੀਏਯੂ ਆਦਿ ਨੂੰ ਨਾਮਜ਼ਦ ਕੀਤਾ ਗਿਆ ਹੈ | ਇਸ ਮੌਕੇ ਸਾਈ ਕਰੀਏਸ਼ਨ, ਸ੍ਰੀ ਅੰਮਿਤਸਰ ਵਲੋਂ ਕਿਸਾਨ ਮੋਰਚੇ ਦੀ ਫ਼ੋਟੋ ਪ੍ਰਦਰਸ਼ਨੀ ਵੀ ਆਯੋਜਤ ਕੀਤੀ ਗਈ |