
ਭਾਜਪਾ ਆਗੂਆਂ ਦੇ ਵਿਰੋਧੀ ਦਾ ਸਿਲਸਿਲਾ ਜਾਰੀ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਵਿਚ ਹੋ ਰਿਹੈ ਵਿਰੋਧ
ਜਲੰਧਰ/ਗੜ੍ਹਸ਼ੰਕਰ: ਜਲੰਧਰ ਦੇ ਭੰਗਾਲਾ ਨਜ਼ਦੀਕ ਪੈਂਦੇ ਕਸਬਾ ਹਰਸਾ ਮਨਸਰ ਟੋਲ ਪਲਾਜ਼ਾ ਵਿਖੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
Ashwani Sharma
ਇਸੇ ਤਰ੍ਹਾਂ ਹੀ ਗੜਸ਼ੰਕਰ ਵਿਖੇ ਵੀ ਭਾਜਪਾ ਆਗੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਆਗੂ ਅਤੇ ਕੌਮੀ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਅੱਜ ਸ੍ਰੀ ਖੁਰਾਲਗੜ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਣ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਾਂਪਲਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ।
vijay sampla
ਮੌਕੇ ਦੀ ਨਜ਼ਾਕਤ ਨੂੰ ਸਮਝਦੋ ਹੋਏ ਪਹਿਲਾਂ ਤੋਂ ਚੌਕਸ ਪੁਲਿਸ ਨੇ ਤੁਰੰਤ ਵਿਖਾਵਾਕਾਰੀਆਂ ਨੂੰ ਆਪਣੇ ਕਾਬੂ 'ਚ ਲੈ ਲਿਆ ਅਤੇ ਵਿਜੇ ਸਾਂਪਲਾ ਦੀਆਂ ਗੱਡੀਆਂ ਨਿਰਵਿਘਨ ਮੌਕੇ ਤੋਂ ਕਢਵਾ ਦਿੱਤੀਆਂ। ਇਸ ਮੋਕੇ ਮਹਿੰਦਰ ਕੁਮਾਰ ਬਢੋਆਣ, ਗੁਰਨੇਕ ਭੱਜਲ ਅਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ। ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕਰਨ ਕਾਰਨ ਕਿਸਾਨਾਂ ਅੰਦਰ ਭਾਜਪਾ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ।
Farmers Protest
ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਉਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਭਾਜਪਾ ਆਗੂਆਂ ਦੇ ਘਿਰਾਉ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤਕ ਕਿ ਪੰਜ ਰਾਜਾਂ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਿਸਾਨ ਜਥੇਬੰਦੀਆਂ ਨੇ ਭਾਜਪਾ ਖਿਲਾਫ ਲਾਮਬੰਦੀ ਆਰੰਭ ਦਿੱਤੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕਰਨ ਦੇ ਰਾਹ ਪਈ ਹੋਈ ਹੈ। ਸਰਕਾਰ ਵੱਲੋਂ ਹੱਠਧਰਮੀ ਨਾ ਛੱਡਣ ਦੀ ਸੂਰਤ ਵਿਚ ਦੋਵਾਂ ਧਿਰਾਂ ਵਿਚਾਲੇ ਟਕਰਾਅ ਵਧਣ ਦੇ ਆਸਾਰ ਬਣੇ ਹੋਏ ਹਨ।