
ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ 'ਕਾਮਯਾਬ ਤੇ ਖੁਸ਼ਹਾਲ ਪੰਜਾਬ' ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਗੇ ਵਧਣ ਲਈ ਕਿਹਾ
ਚੰਡੀਗੜ੍ਹ : ਮੈਨੀਫੈਸਟੋ 'ਚ ਕੀਤੇ ਵਾਅਦਿਆਂ 'ਚੋਂ ਰਿਕਾਰਡ ਤੋੜ 84.6 ਫੀਸਦੀ ਵਾਅਦੇ ਪਹਿਲਾਂ ਹੀ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਾਅਦੇ ਅਗਲੇ ਇਕ ਸਾਲ ਵਿਚ ਪੂਰੇ ਕੀਤੇ ਜਾਣਗੇ। ਐਤਵਾਰ ਨੂੰ ਉੁਪਰੋਕਤ ਦਾਅਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ ਸੱਤ ਨੁਕਾਤੀ 'ਏਜੰਡਾ 2022' ਨੂੰ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸੱਤ ਨੁਕਾਤੀ ਏਜੰਡਾ 2022 ਦਾ ਐਲਾਨ ਬੀਤੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਕੀਤਾ ਗਿਆ ਸੀ। ਏਜੰਡੇ ਦਾ ਉਦੇਸ਼ ਅਜਿਹਾ ਸ਼ਾਂਤਮਈ ਮਾਹੌਲ ਸਿਰਜਣਾ ਹੈ ਜੋ ਲੋਕਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਪੂਰਨ ਸਰੱਖਿਆ ਯਕੀਨੀ ਬਣਾਉਣਾ ਅਤੇ ਸਾਰੀਆਂ ਔਖੀਆਂ ਘੜੀਆਂ ਵਿਚ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਬਚਾਉਣਾ ਹੈ।
captain amarinder singh
ਕਾਬਲੇਗੌਰ ਹੈ ਕਿ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਅਗਲਾ ਟੀਚਾ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਭਵਿੱਖ ਦਾ ਏਜੰਡਾ ਜੋ ਸੂਬਾ ਸਰਕਾਰ ਦੇ ਮੌਜੂਦਾ ਕਾਰਜਕਾਲ ਤੋਂ ਅੱਗੇ ਵੀ ਮੰਚ ਨਿਰਧਾਰਤ ਕਰਦਾ ਹੈ, ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।
Capt. Amarinder Singh
ਇਸ ਤੱਥ ਨੂੰ ਜਾਣਦੇ ਹੋਏ ਕਿ ਇਸ ਲਈ ਹੋਰ ਸਮੇਂ ਦੀ ਲੋੜ ਹੈ, ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਮਤੇ ਉਤੇ ਬਹਿਸ ਦੇ ਜਵਾਬ ਵਿਚ ਆਪਣੀ ਤਕਰੀਰ ਦੌਰਾਨ ਮੁੱਖ ਮੰਤਰੀ ਨੇ ਕਿਹਾ, ''ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਪੰਜਾਬ ਦੇ ਲੋਕ ਇਸ ਬਾਰੇ ਸੁਚੇਤ ਹਨ।'' ਉਨ੍ਹਾਂ ਕਿਹਾ ਕਿ ਸੂਬਾ ਵਾਸੀ 'ਝੂਠੇ ਵਾਅਦਿਆਂ ਅਤੇ ਸਬਜ਼ਬਾਗ ਦਿਖਾਉਣ ਵਾਲੇ ਪੰਜਾਬ ਤੇ ਪੰਜਾਬੀਅਤ ਤੋਂ ਕੋਰੇ ਅਨਜਾਣ ਕੁਝ ਆਗੂਆਂ' ਦੀਆਂ ਗੱਲਾਂ ਵਿਚ ਨਹੀਂ ਆਉਣਗੇ, ਪਰ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰ ਤੇ ਪਾਰਦਰਸ਼ਤਾ ਵਾਲੀ ਸਰਕਾਰ 'ਤੇ ਵਿਸ਼ਵਾਸ ਪ੍ਰਗਟ ਕਰਨਾ ਜਾਰੀ ਰੱਖਣਗੇ।
Capt Amrinder Singh
7 ਨੁਕਾਤੀ ਏਜੰਡਿਆਂ ਵਿਚ ਹਰ ਕੀਮਤ 'ਤੇ ਸੂਬੇ ਦੀ ਜ਼ਰ ਤੇ ਜ਼ਮੀਨ ਦੀ ਪੂਰੀ ਰੱਖਿਆ ਕਰਨਾ, ਸੂਬੇ ਵਿਚ ਸਾਰਿਆਂ ਲਈ ਸ਼ਾਂਤਮਈ ਮਾਹੌਲ ਬਣਾਉਣਾ, ਸਾਰੀਆਂ ਮੁਸ਼ਕਲਾਂ ਤੇ ਸਥਿਤੀਆਂ ਵਿਚ ਪੰਜਾਬੀਆਂ ਦੀ ਜ਼ਿੰਦਗੀ ਤੇ ਰੋਜ਼ੀ ਰੋਟੀ ਬਚਾਉਣਾ, ਹਰੇਕ ਲੋੜਵੰਦ ਤਕ ਪਹੁੰਚ ਕਰ ਕੇ ਸਰਕਾਰ ਦੇ ਸਮਾਜਿਕ-ਆਰਥਿਕ ਪ੍ਰੋਗਰਾਮ ਤਹਿਤ ਬਣਦੇ ਲਾਭ ਪ੍ਰਦਾਨ ਕਰਨਾ, ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਨ ਦੇ ਯੋਗ ਬਣਾਉਣਾ, ਸੂਬੇ ਦੀ ਸਾਰੀ ਹੱਕਦਾਰ ਵਸੋਂ ਲਈ ਵਾਜਬ ਭਾਅ 'ਤੇ ਖਾਣਾ ਤੇ ਰਿਹਾਇਸ਼ ਮੁਹੱਈਆ ਕਰਨ ਤੋਂ ਇਲਾਵਾ ਸੂਬੇ ਦੇ ਹਰੇਕ ਪਿੰਡ ਤੇ ਸ਼ਹਿਰ ਨੂੰ ਇਸ ਤਰੀਕੇ ਨਾਲ ਵਿਕਸਤ ਕਰਨਾ ਤਾਂ ਜੋ ਹਰੇਕ ਨੂੰ ਗੁਣਵੱਤਾ ਭਰਪੂਰ ਜ਼ਿੰਦਗੀ ਜਿਉਣ ਲਈ ਬਰਾਬਰ ਮੌਕੇ ਮਿਲਣਾ ਆਦਿ ਸ਼ਾਮਲ ਹਨ।