
ਕਿਹਾ - ਕਾਂਗਰਸੀ ਆਗੂ ਸੂਬੇ ਅੰਦਰ ਨਸ਼ੇ ਦੇ ਵਪਾਰ ਨੂੰ ਲੈ ਕੇ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬੀਤੇ 2 ਸਾਲਾਂ ਦੌਰਾਨ ਕਿਸਾਨਾਂ ਨੂੰ ਕਰਜ਼ੇ 'ਚ ਰਾਹਤ ਦੇਣ ਅਤੇ ਨੌਕਰੀਆਂ ਪੈਦਾ ਕਰਨ ਸਬੰਧੀ ਦਾਅਵਿਆਂ ਦਾ ਹਾਸਾ ਉਡਾਉਂਦਿਆਂ ਸੀਨੀਅਰ ਅਕਾਲੀ ਆਗੂ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਹੈ ਕਿ ਬਿਜਲੀ ਦੇ ਭਾਰੀ ਬਿੱਲਾਂ ਨੂੰ ਅਦਾ ਨਾ ਕਰ ਪਾਉਣ ਕਾਰਨ ਲੋਕਾਂ ਨੇ ਖ਼ੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
Public meeting Pic-1
ਦਾਖਾ ਵਿਧਾਨ ਸਭਾ ਹਲਕੇ 'ਚ ਆਯੋਜਿਤ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਜ਼ਿਕਰ ਕੀਤਾ ਕਿ ਹਾਲ ਹੀ 'ਚ ਸਾਹਮਣੇ ਆਈਆਂ ਖ਼ਬਰਾਂ ਮੁਤਾਬਕ ਇਕ ਵਿਅਕਤੀ ਨੇ ਬਿਜਲੀ ਦਾ ਭਾਰੀ ਭਰਕਮ ਬਿੱਲ ਮਿਲਣ ਤੋਂ ਬਾਅਦ ਆਤਮਦਾਹ ਕਰ ਲਿਆ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਸੱਤਾ 'ਚ ਆਉਣ ਤੋਂ ਬਾਅਦ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦੇਣ ਸਬੰਧੀ ਕੀਤੇ ਵਾਅਦੇ ਨੂੰ ਲੈ ਕੇ ਸਵਾਲ ਕੀਤਾ ਕਿ ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲ ਮਿਲ ਰਹੇ ਹਨ ਅਤੇ ਸਰਕਾਰ ਇਸ ਵੱਲ ਅੱਖਾਂ ਬੰਦ ਕਰੀ ਬੈਠੀ ਹੈ।
Public meeting Pic-1
ਸ. ਗਰੇਵਾਲ ਨੇ ਸਰਕਾਰ ਦੇ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਸਬੰਧੀ ਦਾਅਵਿਆਂ ਉੱਪਰ ਵੀ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਜਿੱਥੇ ਆਮ ਕਿਸਾਨ ਤੰਗ ਅਤੇ ਪ੍ਰੇਸ਼ਾਨ ਹਨ ਤਾਂ ਦੂਜੇ ਪਾਸੇ ਕਾਂਗਰਸ ਸਰਕਾਰ ਆਪਣੇ ਕਰਜ਼ੇ ਮਾਫ਼ੀ ਸਬੰਧੀ ਵਿਖਾਵੇ ਲਈ ਸਿਰਫ਼ ਪੱਖਪਾਤ ਕਰ ਰਹੀ ਹੈ। ਗਰੇਵਾਲ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੇ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।
Public meeting Pic-3
ਉਨ੍ਹਾਂ ਦਾਅਵਾ ਕੀਤਾ ਕਿ ਇਹ ਹਰ ਵਾਰ ਸਾਡੇ ਉੱਪਰ ਨਸ਼ਾ ਤਸਕਰ ਨੂੰ ਸ਼ੈਅ ਦੇਣ ਦਾ ਦੋਸ਼ ਲਗਾਉਂਦੇ ਸਨ, ਪਰ ਇਹ ਹੁਣ ਜਾਂ ਤਾਂ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ ਜਾਂ ਫਿਰ ਇਨ੍ਹਾਂ ਸੂਬੇ ਅੰਦਰ ਨਸ਼ੇ ਦੇ ਵਪਾਰ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਾ ਸਰਕਾਰੀ ਦਾਅਵਿਆਂ ਦੇ ਉਲਟ ਆਸਾਨੀ ਨਾਲ ਉਪਲੱਬਧ ਹੈ।
Public meeting Pic-4
ਅਕਾਲੀ-ਭਾਜਪਾ ਉਮੀਦਵਾਰ ਨੇ ਆਪਣੇ ਕਾਂਗਰਸੀ ਵਿਰੋਧੀ ਰਵਨੀਤ ਸਿੰਘ ਬਿੱਟੂ 'ਤੇ ਇਸ ਗੱਲ ਨੂੰ ਲੈ ਕੇ ਚੁਟਕੀ ਲਈ ਕਿ ਉਹ ਪੰਜਾਬ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਆਪਣਾ ਬਲਿਦਾਨ ਦੇਣ ਨੂੰ ਵੀ ਤਿਆਰ ਹਨ। ਉਨ੍ਹਾਂ ਬਿੱਟੂ ਨੂੰ ਕਿਹਾ ਕਿ ਪੰਜਾਬ ਨੂੰ ਹੁਣ ਹੋਰ ਬਲਿਦਾਨ ਨਹੀਂ ਚਾਹੀਦੇ ਅਤੇ ਨਾ ਹੀ ਖੋਖਲੇ ਦਾਅਵੇ ਚਾਹੀਦੇ ਹਨ, ਸਗੋਂ ਪੰਜਾਬ ਨੂੰ ਨੌਕਰੀਆਂ ਤੇ ਅਰਥ ਵਿਵਸਥਾ ਚ ਸੁਧਾਰ ਚਾਹੀਦਾ ਹੈ ਅਤੇ ਤੁਹਾਨੂੰ ਲੁਧਿਆਣਾ ਦੇ ਲੋਕਾਂ ਦੱਸਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਲਈ ਕੀ ਕੀਤਾ ਹੈ। ਤੁਸੀਂ ਆਪਣੀ ਨਾਕਾਬਲੀਅਤ ਤੇ ਅਸਫ਼ਲਤਾ ਨੂੰ ਛੁਪਾਉਣ ਲਈ ਭਾਵਨਾਤਮਕ ਗੱਲਾਂ ਰਾਹੀਂ ਲੋਕਾਂ ਨੂੰ ਹੋਰ ਬੇਵਕੂਫ਼ ਨਹੀਂ ਬਣਾ ਸਕਦੇ।