
ਕਿਹਾ - ਪ੍ਰਧਾਨ ਮੰਤਰੀ ਵੋਟਾਂ ਦੀ ਖ਼ਾਤਰ ਦੇਸ਼ 'ਚ ਵੰਡੀਆਂ ਪਾ ਰਹੇ ਹਨ
ਚੰਡੀਗੜ੍ਹ : ਕਾਂਗਰਸ ਦੇ ਕੌਮੀ ਪੱਧਰ ਦੇ ਆਰਥਕ ਅਤੇ ਰੋਜ਼ਗਾਰ ਮਾਮਲਿਆਂ ਦੇ ਸਲਾਹਕਾਰ ਸੈਮ ਪਤਰੋਦਾ ਨੇ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ 'ਮੰਦਰ ਨੌਕਰੀਆਂ ਨਹੀਂ ਪੈਦਾ ਕਰਦਾ' ਪ੍ਰਧਾਨ ਮੰਤਰੀ ਮੰਦਰ ਅਤੇ ਹਿੰਦੂ ਮੁੱਦੇ ਨੂੰ ਉਭਾਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਭਾਈਚਾਰੇ ਵਿਚ ਵੰਡੀਆਂ ਪਾ ਰਹੇ ਹਨ। ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਉਲਟ, ਉਹ ਹਰ ਕੰਮ ਕਰ ਰਹੇ ਹਨ। ਪਤਰੋਦਾ ਨੇ ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਪ੍ਰੈਸ ਕਾਨਫ਼ਰੰਸ ਵਿਚ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਝੂਠ ਬੋਲ ਰਹੇ ਹਨ।
Sam Pitroda during press conference
ਉਹ ਦਸਣ ਕਿ ਕੀ ਕਿਸਾਨਾਂ ਦੀ ਆਮਦਨ ਦੁਗਣੀ ਹੋ ਗਈ। ਭ੍ਰਿਸ਼ਟਾਚਾਰ ਦਾ ਧਨ ਜੋ ਬਾਹਰ ਗਿਆ ਕੀ ਉਹ ਉਨ੍ਹਾਂ ਵਾਪਸ ਲਿਆਂਦਾ? ਦੇਸ਼ ਸਿਰ ਪਿਛਲੇ 5 ਸਾਲਾਂ ਵਿਚ 50 ਫ਼ੀ ਸਦੀ ਕਰਜ਼ਾ ਵੱਧ ਗਿਆ, ਜੀ.ਐਸ.ਟੀ. ਨੇ ਛੋਟੇ ਵਪਾਰ ਨੂੰ ਤਬਾਹ ਕਰ ਦਿਤਾ। ਸਾਰੀਆਂ ਏਅਰ ਲਾਈਨਜ਼ ਬੰਦ ਹੋਣ ਦੇ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹ ਦੇਸ਼ ਵਿਚ ਵੰਡੀਆਂ ਪਾ ਰਹੇ ਹਨ। ਝੂਠ ਬੋਲ ਰਹੇ ਹਨ। ਕਦੀ ਰਾਹੁਲ ਗਾਂਧੀ ਦੇ ਸ਼ਹਿਰੀ ਹੋਣ ਦੇ ਮੁੱਦੇ ਨੂੰ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਕੀ ਮੋਦੀ ਵੋਟਾਂ ਹਾਸਲ ਕਰਨ ਲਈ ਕੁੱਝ ਵੀ ਕਰ ਸਕਦੇ ਹਨ।
PM Modi
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਰੋੜਾਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਪ੍ਰੈਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਨੇ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਹੈ ਅਤੇ ਕਾਂਗਰਸ 13 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਮਿਸ਼ਨ 13 ਦੀ ਪ੍ਰਾਪਤੀ ਲਈ ਹੁਣ ਅਧਿਕਾਰਤ ਚੋਣ ਪ੍ਰਚਾਰ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਮੁਹਿੰਮ ਵਿਚ ਲੋਕਾਂ ਨੂੰ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਸੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਜਾਵੇਗਾ ਕਿ ਉਨ੍ਹਾਂ ਨੂੰ ਕਿਸੀ ਸਿਆਸੀ ਰਹਿਮ 'ਤੇ ਨਿਰਭਰ ਕਰਨ ਦੀ ਬਜਾਏ ਹਿੰਮਤ ਵਿਖਾਉਣੀ ਹੋਵੇਗੀ। ਇਸ ਦਾ ਨਾਮ ਰਖਿਆ ਹੈ 'ਮਿੰਨਤ ਨਹੀਂ ਹਿੰਮਤ'।
Sam Pitroda during press conference
ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਲਈ ਚਾਰ ਪੜਾਅ ਖ਼ਤਮ ਹੋ ਚੁਕੇ ਹਨ ਅਤੇ ਪੂਰੇ ਕਰਜ਼ੇ ਦੀ ਮਾਫ਼ੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਬਾਰੇ ਵੀ ਜਨਤਾ ਨੂੰ ਜਾਣਕਾਰੀ ਦਿਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਮੁੱਦੇ, ਨਸ਼ੇ ਦਾ ਮੁੱਦਾ ਅਤੇ ਇਸ ਵਿਰੁਧ ਜੰਗ ਅਤੇ ਚੋਣ ਮਨੋਰਥ ਪੱਤਰ ਅਨੁਸਾਰ ਪ੍ਰਾਪਤੀਆਂ ਦਾ ਪ੍ਰਚਾਰ ਵੀ ਹੋਵੇਗਾ। ਰਾਹੁਲ ਗਾਂਧੀ ਦੀ ਨਿਆਏ ਯੋਜਨਾ ਜਿਸ ਅਧੀਨ ਘੱਟੋ ਘੱਟ ਆਮਦਨ ਗਰੰਟੀ ਬਾਰੇ ਵੀ ਜਨਤਾ ਨੂੰ ਇਸ ਪ੍ਰਚਾਰ ਮੁਹਿੰਮ ਦੌਰਾਨ ਜਾਣਕਾਰੀ ਦਿਤੀ ਜਾਵੇਗੀ।