
ਭਾਜਪਾ ਉਮੀਦਵਾਰ ਅਤੇ ਸਾਂਸਦ ਸਾਕਸ਼ੀ ਮਹਾਰਾਜ ਅਕਸਰ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ।
ਨਵੀਂ ਦਿੱਲੀ: ਭਾਜਪਾ ਉਮੀਦਵਾਰ ਅਤੇ ਸਾਂਸਦ ਸਾਕਸ਼ੀ ਮਹਾਰਾਜ ਅਕਸਰ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਅਪਣੇ ਚੋਣ ਪ੍ਰਚਾਰ ਦੌਰਾਨ ਫਿਰ ਅਜਿਹਾ ਕੁੱਝ ਆਖ ਦਿਤਾ ਹੈ, ਜਿਸ ਕਾਰਨ ਉਹ ਫਿਰ ਵਿਵਾਦਾਂ ਵਿਚ ਘਿਰ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਵੀ ਦਰਜ ਹੋ ਗਿਆ ਹੈ।
BJP
ਦਰਅਸਲ ਸਾਕਸ਼ੀ ਮਹਾਰਾਜ ਨੇ ਇਕ ਚੋਣ ਮੀਟਿੰਗ ਵਿਚ ਬੈਠੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਇਹ ਆਖ ਦਿਤਾ ਕਿ ਜੇਕਰ ਉਨ੍ਹਾਂ ਨੂੰ ਵੋਟ ਨਾ ਪਾਈ ਤਾਂ ਉਨ੍ਹਾਂ ਨੂੰ ਸੰਨਿਆਸੀ ਦਾ ਪਾਪ ਲੱਗੇਗਾ। ਉਹਨਾਂ ਨੇ ਕਿਹਾ ਕਿ ਮੈਂ ਇਕ ਸਨਿਆਸੀ ਹਾਂ ਅਤੇ ਇਕ ਸਨਿਆਸੀ ਜਦੋਂ ਭੀਖ ਮੰਗਦਾ ਹੈ ਤਾਂ ਜੇਕਰ ਉਸਨੂੰ ਭੀਖ ਨਹੀਂ ਮਿਲਦੀ ਤਾਂ ਉਹ ਪਰਿਵਾਰ ਦੀਆਂ ਖੁਸ਼ੀਆਂ ਲੈ ਜਾਂਦਾ ਹੈ। ਸਾਕਸ਼ੀ ਨੇ ਕਿਹਾ ਕਿ ਮੈਂ ਜੋ ਵੀ ਕਹਿ ਰਿਹਾ ਹਾਂ, ਉਹ ਸਭ ਸ਼ਾਸਤਰਾਂ ਵਿਚ ਕਹੀਆਂ ਗਈਆਂ ਗੱਲਾਂ ‘ਤੇ ਅਧਾਰਿਤ ਹੈ।
Sakshi Maharaj
ਆਪਣੇ ਭਾਸ਼ਣ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਵੋਟ ਪਾਉਣਾ ਕੰਨਿਆ ਦਾਨ ਦੇ ਬਰਾਬਰ ਹੈ, ਇਸ ਲਈ ਸਭ ਲੋਕ ਘਰ ਤੋਂ ਨਿਕਲ ਕੇ ਵੋਟ ਪਾਣ। ਸਾਕਸ਼ੀ ਮਹਾਰਾਜ ਦੇ ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਚੋਣ ਅਧਿਕਾਰੀ ਚੌਕਸ ਹੋ ਗਏ ਅਤੇ ਵੀਡੀਓ ਦੀ ਅਸਲੀਅਤ ਜਾਣ ਕੇ ਉਨ੍ਹਾਂ ਵਿਰੁਧ ਚੋਣ ਜ਼ਾਬਤੇ ਦੀ ਉਲੰਘਣ ਦਾ ਮਾਮਲਾ ਦਰਜ ਕਰਵਾ ਦਿਤਾ ਹੈ।
Lok Sabha Elections
ਸਾਕਸ਼ੀ ਮਹਾਰਾਜ ਨੇ ਇਹ ਗੱਲ ਸੋਹਰਾਮਊ ਖੇਤਰ ਦੇ ਪਿੰਡ ਸ਼ੇਖ਼ਪੁਰ ਵਿਚ ਇਕ ਚੋਣ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ ਸੀ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਕਸ਼ੀ ਮਹਾਰਾਜ 'ਤੇ 8 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਇਜਾਜ਼ਤ ਤੋਂ ਜ਼ਿਆਦਾ ਵਾਹਨ ਲਿਜਾਣ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।