
ਕੈਪਟਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਆਰਥਿਕਤਾ ਵੱਡੇ ਪੱਧਰ ’ਤੇ ਹੋ ਰਹੀ ਤਬਾਹ : ਬੈਂਸ
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਮਗਰੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਨਵਜੋਤ ਸਿੱਧੂ ਦੀ ਬੀਜੇਪੀ ਨਾਲ ਨਹੀਂ ਬਣੀ ਤੇ ਹੁਣ ਕਾਂਗਰਸ ਨਾਲ ਨਹੀਂ ਬਣ ਰਹੀ ਕਿਉਂਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਵੱਡੇ ਪੱਧਰ ’ਤੇ ਲੋਕ ਭ੍ਰਿਸ਼ਟ ਹਨ ਤੇ ਬਹੁਤ ਘੱਟ ਗਿਣਤੀ ਇਮਾਨਦਾਰ ਹਨ।
Navjot Singh Sidhu
ਬੈਂਸ ਨੇ ਕਿਹਾ ਕਿ ਸਾਡੇ ਵਲੋਂ ਸਿੱਧੂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਬਣਨ ਤੇ ਉਨ੍ਹਾਂ ਨੂੰ ਅਸੀਂ 2022 ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਾਂਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜੇ ਇਸ ਸਬੰਧੀ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਉਹ ਜਲਦ ਹੀ ਇਸ ਵਿਸ਼ੇ ’ਤੇ ਗੱਲਬਾਤ ਕਰਨਗੇ।
Simarjeet Singh Bains
ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਸਮਝਦੇ ਨੇ ਚੋਰ ਕੌਣ ਹੈ ਤੇ ਸਾਧ ਕੌਣ, ਬੇਇਮਾਨ ਕੌਣ ਤੇ ਇਮਾਨਦਾਰ ਕੌਣ, ਸੱਚਾ ਕੌਣ ਤੇ ਝੂਠਾ ਕੌਣ ਹੈ। ਨਵਜੋਤ ਸਿੰਘ ਸਿੱਧੂ ਨੇ ਸੱਚ ਬੋਲਿਆ ਹੈ ਤੇ ਸੱਚ ਹਮੇਸ਼ਾ ਕੜਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਲੁੱਟ-ਖਸੁੱਟ ਦਾ ਕੰਮ ਬੀਤੇ 10 ਸਾਲਾਂ ਦੌਰਾਨ ਬਾਦਲ ਸਰਕਾਰ ਨੇ ਕੀਤਾ ਸੀ, ਉਹੀ ਹੁਣ ਕੈਪਟਨ ਦੀ ਜੁੰਡਲੀ ਕਰ ਰਹੀ ਹੈ। ਕੈਪਟਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਆਰਥਿਕਤਾ ਵੱਡੇ ਪੱਧਰ ’ਤੇ ਤਬਾਹ ਹੋ ਰਹੀ ਹੈ।