
ਸਿੱਧੂ ਨੂੰ ਅਹੁਦਿਆਂ ਦਾ ਲਾਲਚ ਨਹੀਂ ਤੇ ਨਾ ਹੀ ਉਹ ਅਹੁਦਿਆਂ ਲਈ ਕਾਂਗਰਸ ’ਚ ਆਏ: ਡਾ. ਸਿੱਧੂ
ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਿੱਤਰ ਆਈ ਹੈ। ਡਾ. ਸਿੱਧੂ ਨੇ ਕੈਪਟਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ ਤੇ ਨਾ ਹੀ ਉਹ ਅਹੁਦਿਆਂ ਦੇ ਲਾਲਚ ਵਿਚ ਕਾਂਗਰਸ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਨਹੀਂ ਸਗੋਂ ਜਨਤਾ ਦੀ ਸੇਵਾ ਕਰਨ ਆਏ ਹਨ।
Navjot Singh Sidhu in Bathinda
ਨਾਲ ਹੀ ਡਾ. ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ’ਚ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾ. ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਕਾਂਗਰਸ ਹਾਰਦੀ ਹੈ ਤਾਂ ਮੁੱਖ ਮੰਤਰੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਚੋਣ ਪ੍ਰਚਾਰ ਦੇ ਆਖ਼ਰੀ ਦਿਨ 17 ਮਈ ਨੂੰ ਬਠਿੰਡਾ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵੱਲ ਇਸ਼ਾਰਾ ਕਰਦੇ ਹੋਏ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਦਾ ਇਲਜ਼ਾਮ ਲਾਇਆ ਸੀ।
Captain Amarinder Singh
ਸਿੱਧੂ ਨੇ ਕਿਹਾ ਸੀ, "ਭੱਜ 75:25 ਵਾਲਿਆ ਭੱਜ, ਬਾਦਲਾ ਭੱਜ ਕਿ ਸਿੱਧੂ ਆਇਆ, ਕੁਰਸੀ ਖਾਲੀ ਕਰੋ।" ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ। ਸਿੱਧੂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ’ਤੇ ਹੈ, ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਸਿੱਧੂ ਵਿਰੁਧ ਕਾਰਵਾਈ ਕਰਨ ਬਾਰੇ ਫ਼ੈਸਲਾ ਕਰ ਸਕਦੀ ਹੈ।