ਸਿੰਗਾਪੁਰ ਅਤੇ ਦੁਬਈ ਦੀਆਂ ਫਲਾਈਟਾਂ ਵਿਚ 90 ਤੋਂ 95% ਐਡਵਾਂਸ ਬੁਕਿੰਗ ਹੋ ਰਹੀ ਹੈ
ਚੰਡੀਗੜ੍ਹ: ਪੰਜਾਬ ਦੇ ਲੋਕ ਗਰਮੀਆਂ ਦੀਆਂ ਛੁੱਟੀਆਂ ਵਿਚ ਅੰਤਰਰਾਸ਼ਟਰੀ ਟੂਰ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਅੰਮ੍ਰਿਤਸਰ ਏਅਰਪੋਰਟ ਦੀ ਗੱਲ ਕਰੀਏ ਤਾਂ ਦੁਬਈ, ਵੀਅਤਨਾਮ, ਸਿੰਗਾਪੁਰ-ਬਾਲੀ, ਮਲੇਸ਼ੀਆ ਪਹਿਲੀ ਪਸੰਦ ਬਣੇ ਹੋਏ ਹਨ। ਇਕ ਖ਼ਬਰ ਮੁਤਾਬਕ ਇਸ ਵਾਰ ਐਡਵਾਂਸ ਬੁਕਿੰਗ ਪਿਛਲੇ ਸਾਲ ਨਾਲੋਂ 15 ਫ਼ੀ ਸਦੀ ਵੱਧ ਹੈ। ਸਿੰਗਾਪੁਰ ਅਤੇ ਦੁਬਈ ਦੀਆਂ ਫਲਾਈਟਾਂ ਵਿਚ 90 ਤੋਂ 95% ਐਡਵਾਂਸ ਬੁਕਿੰਗ ਹੋ ਰਹੀ ਹੈ। ਇਨ੍ਹਾਂ ਲੋਕਾਂ ਨੇ ਦੋ ਮਹੀਨੇ ਪਹਿਲਾਂ ਹੀ ਬੁਕਿੰਗ ਕਰਵਾ ਲਈ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਉਡਾਣਾਂ ਦਾ ਕਿਰਾਇਆ ਵੀ ਵਧ ਗਿਆ ਹੈ।
ਇਹ ਵੀ ਪੜ੍ਹੋ: ਭਾਰਤ ਦੀ ਡਿਜੀਟਲ ਅਰਥਵਿਵਸਥਾ 2030 ਤਕ ਛੇ ਗੁਣਾ ਵਧਣ ਦਾ ਅਨੁਮਾਨ: ਰੀਪੋਰਟ
ਪੈਰਾਡਾਈਜ਼ ਹੋਲੀਡੇ ਟੂਰ ਟਰੈਵਲਜ਼ ਦੇ ਸਾਹਿਲ ਟਾਂਗਰੀ ਮੁਤਾਬਕ, ਉਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਪੈਕੇਜ ਲੈਣ ਵਾਲੇ 70 ਫ਼ੀ ਸਦੀ ਲੋਕਾਂ ਨੇ ਦੋ ਮਹੀਨੇ ਪਹਿਲਾਂ ਅਪਣੀਆਂ ਉਡਾਣਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਹਨ। ਪਿਛਲੇ ਸਾਲ ਜੂਨ-ਜੁਲਾਈ ਦੇ ਮੁਕਾਬਲੇ ਇਸ ਸਾਲ ਹੁਣ ਤਕ ਗਰਮੀਆਂ ਦੀਆਂ ਛੁੱਟੀਆਂ ਲਈ 15 ਫ਼ੀ ਸਦੀ ਜ਼ਿਆਦਾ ਬੁਕਿੰਗ ਹੋਈ ਹੈ। ਪਿਛਲੇ ਸਾਲ ਹੁਣ ਤਕ ਲਗਭਗ 86 ਹਜ਼ਾਰ ਯਾਤਰੀਆਂ ਨੇ ਜੂਨ-ਜੁਲਾਈ ਲਈ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ ਕਰਵਾਈ ਸੀ। ਜਦਕਿ ਇਸ ਸਾਲ ਹੁਣ ਤਕ 12900 ਯਾਤਰੀਆਂ ਨੇ ਪਿਛਲੇ ਸਾਲ ਨਾਲੋਂ ਵੱਧ ਬੁਕਿੰਗ ਕਰਵਾਈ ਹੈ। ਇਸ 'ਚ ਫਲਾਈਟਾਂ 'ਚ ਬੁਕਿੰਗ ਅਜੇ ਵੀ ਚੱਲ ਰਹੀ ਹੈ।
ਇਹ ਵੀ ਪੜ੍ਹੋ: ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਬਰਾਮਦ
ਅੰਮ੍ਰਿਤਸਰ ਤੋਂ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ
-ਸਕੂਟ ਏਅਰਲਾਈਨਜ਼ ਦੀ ਰੋਜ਼ਾਨਾ ਸ਼ਾਮ 7.45 ਵਜੇ ਸਿੰਗਾਪੁਰ ਲਈ ਉਡਾਣ ਹੈ। ਜਦਕਿ ਮਾਲਿੰਡੋ ਦੀਆਂ ਜੂਨ ਮਹੀਨੇ ਲਈ ਰਾਤ 10.30 ਵਜੇ (ਐਤਵਾਰ, ਸੋਮਵਾਰ, ਸ਼ੁੱਕਰਵਾਰ) ਦੀਆਂ ਉਡਾਣਾਂ ਜੋੜੀਆਂ ਹਨ।
- ਮਾਲਿੰਡੋ ਦੀਆਂ ਮਲੇਸ਼ੀਆ ਲਈ ਵੀ ਉਡਾਣਾਂ ਹਨ।
-ਸਕੂਲ ਏਅਰਲਾਈਨਜ਼ ਤੋਂ ਵਾਇਆ ਸਿੰਗਾਪੁਰ, ਮਾਲਿੰਡੋ ਏਅਰਲਾਈਨਜ਼ ਤੋਂ ਵਾਇਆ ਮਲੇਸ਼ੀਆ ਬਾਲੀ ਲਈ ਜਾ ਸਕਦੇ ਹੋ।
- ਦੁਬਈ ਲਈ ਸਪਾਈਸ ਜੈੱਟ ਦੀ ਸਵੇਰੇ 8.50 ਵਜੇ ਅਤੇ ਏਅਰ ਇੰਡੀਆ ਐਕਸਪ੍ਰੈਸ ਦੀ ਦੁਪਹਿਰ 1.30 ਵਜੇ ਉਡਾਣ ਹੈ।
- ਗੋਆ ਲਈ ਇੰਡੀਗੋ ਦੀ ਰੋਜ਼ਾਨਾ ਸਿੱਧੀ ਉਡਾਣ ਸਵੇਰੇ 6.55 ਵਜੇ ਸ਼ੁਰੂ ਹੁੰਦੀ ਹੈ। ਦਿੱਲੀ ਅਤੇ ਮੁੰਬਈ ਰਾਹੀਂ ਗੋਆ ਲਈ ਕਨੈਕਟਡ ਉਡਾਣਾਂ ਵੀ ਹਨ।
-ਵਿਸਤਾਰਾ ਏਅਰਲਾਈਨ ਦੀ ਕੇਰਲ ਲਈ ਅੰਮ੍ਰਿਤਸਰ-ਦਿੱਲੀ-ਕੋਚੀ ਨਾਲ ਕਨੈਕਟਡ ਉਡਾਣ ਹੈ।
-ਵਿਸਤਾਰਾ ਏਅਰਲਾਈਨਜ਼ ਦੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਅੰਮ੍ਰਿਤਸਰ-ਦਿੱਲੀ-ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਫਲਾਈਟ ਹੈ।
ਸ੍ਰੀਨਗਰ ਜਾਣ ਦਾ ਵੀ ਰੁਝਾਨ
ਘਰੇਲੂ ਉਡਾਣਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਹੁਣ ਤਕ 92 ਹਜ਼ਾਰ ਲੋਕਾਂ ਨੇ ਅਪਣੇ ਪੈਕੇਜ ਬੁੱਕ ਕੀਤੇ ਸਨ, ਜਦਕਿ ਇਸ ਸਾਲ 13800 ਲੋਕਾਂ ਦੀ ਬੁਕਿੰਗ ਵੱਧ ਹੈ। ਸ੍ਰੀਨਗਰ ਲਈ ਵੀ ਪੂਰੀ ਬੁਕਿੰਗ ਚੱਲ ਰਹੀ ਹੈ, ਜਦਕਿ ਉਡਾਣ ਦੀਆਂ ਟਿਕਟਾਂ ਦੀ ਕੀਮਤ 25 ਹਜ਼ਾਰ ਦੇ ਕਰੀਬ ਹੋਣ ਕਾਰਨ ਲੋਕ ਸੜਕ ਮਾਰਗ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਆਮ ਦਿਨਾਂ 'ਤੇ 8 ਹਜ਼ਾਰ 'ਚ ਆਉਣ-ਜਾਣ ਟਿਕਟ ਮਿਲਦੀ ਹੈ।
ਇਹ ਵੀ ਪੜ੍ਹੋ: Go First ਦੇ ਯਾਤਰੀਆਂ ਨੂੰ ਰਾਹਤ ਨਹੀਂ! 9 ਜੂਨ ਤਕ ਰੱਦ ਕੀਤੀਆਂ ਉਡਾਣਾਂ
ਚੰਡੀਗੜ੍ਹ ਤੋਂ ਉਡਾਣਾਂ ਦੇ ਕਿਰਾਏ ਹੋਏ ਦੁੱਗਣੇ
ਗਰਮੀਆਂ ਦੀਆਂ ਛੁੱਟੀਆਂ ਕਾਰਨ ਚੰਡੀਗੜ੍ਹ ਤੋਂ ਸੈਰ ਸਪਾਟਾ ਸਥਾਨਾਂ ਲਈ ਚੱਲਣ ਵਾਲੀਆਂ ਉਡਾਣਾਂ ਦੇ ਕਿਰਾਏ ਦੁੱਗਣੇ ਹੋ ਗਏ ਹਨ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ.ਈ.ਓ. ਰਾਕੇਸ਼ ਰੰਜਨ ਸਹਾਏ ਨੇ ਦਸਿਆ ਕਿ ਗੋਅ ਫਸਟ ਦੇ ਬੰਦ ਹੋਣ ਦਾ ਅਸਰ ਪਿਆ ਹੈ। ਲਗਭਗ ਸਾਰੀਆਂ ਉਡਾਣਾਂ ਭਰੀਆਂ ਚੱਲ ਰਹੀਆਂ ਹਨ। ਫਿਲਹਾਲ ਟਿਕਟਾਂ ਰੁਟੀਨ ਤੋਂ ਦੁੱਗਣੇ ਰੇਟ 'ਤੇ ਮਿਲ ਰਹੀਆਂ ਹਨ।
ਚੰਡੀਗੜ੍ਹ ਤੋਂ ਰੋਜ਼ਾਨਾ 10 ਤੋਂ 11 ਹਜ਼ਾਰ ਯਾਤਰੀ ਹਵਾਈ ਸਫਰ ਕਰਦੇ ਹਨ। ਇਨ੍ਹੀਂ ਦਿਨੀਂ ਚੰਡੀਗੜ੍ਹ-ਦੁਬਈ ਦਾ ਕਿਰਾਇਆ 30 ਹਜ਼ਾਰ ਰੁਪਏ ਚੱਲ ਰਿਹਾ ਹੈ। ਚੰਡੀਗੜ੍ਹ ਤੋਂ ਇਸ ਵੇਲੇ 37 ਉਡਾਣਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਦੋ ਸ਼ਾਰਜਾਹ ਅਤੇ ਦੁਬਈ ਦੇ ਹਨ। ਬਾਕੀ ਘਰੇਲੂ ਹਨ। ਸ਼ੀਤਲ ਟਰੈਵਲਜ਼ ਦੇ ਮਾਲਕ ਵਨੀਤ ਸ਼ਰਮਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਚੰਡੀਗੜ੍ਹ ਤੋਂ ਜ਼ਿਆਦਾਤਰ ਲੋਕ ਮੁੰਬਈ, ਗੋਆ, ਸ੍ਰੀਨਗਰ, ਬੰਲਗੌਰ ਅਤੇ ਕੇਰਲਾ ਜਾਣ ਨੂੰ ਤਰਜੀਹ ਦਿੰਦੇ ਹਨ। ਅੰਤਰਰਾਸ਼ਟਰੀ ਉਡਾਣਾਂ ਵਿਚ ਦੁਬਈ ਦਾ ਵਿਕਲਪ ਹੈ, ਪਰ ਫਿਲਹਾਲ ਬਹੁਤੀ ਭੀੜ ਨਹੀਂ ਹੈ।