
ਡਰੋਨ ਨੂੰ ਹੁਣ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜਿਆ ਗਿਆ ਹੈ
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੰਜਾਬ ਪੁਲਿਸ ਨੇ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਹਨ। ਦੇਰ ਰਾਤ ਸਰਹੱਦ ਨੇੜੇ ਆਵਾਜ਼ ਸੁਣਨ ਤੋਂ ਬਾਅਦ ਸਾਂਝੀ ਟੀਮ ਨੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਡਰੋਨ ਦੀ ਬਰਾਮਦਗੀ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਤਨ ਖੁਰਦ ਤੋਂ ਕੀਤੀ ਗਈ ਹੈ। ਇਹ ਹੈਕਸਾਕਾਪਟਰ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਕਰਦੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਅਟਾਰੀ ਸਰਹੱਦ ’ਤੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ
ਬੀ.ਐਸ.ਐਫ. ਦੇ ਜਵਾਨ ਐਤਵਾਰ ਰਾਤ ਨੂੰ ਗਸ਼ਤ 'ਤੇ ਸਨ। ਰਾਤ ਕਰੀਬ 10 ਵਜੇ ਪਿੰਡ ਰਤਨ ਖੁਰਦ ਵਿਚ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੀ ਆਵਾਜ਼ ਸੁਣੀ ਗਈ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਕੁੱਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਦੀ ਸੂਚਨਾ ਸਵੇਰੇ ਪੰਜਾਬ ਪੁਲਿਸ ਨੂੰ ਦਿਤੀ ਗਈ ਅਤੇ ਪਿੰਡ ਰਤਨ ਖੁਰਦ ਵਿਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਰਤਨ ਖੁਰਦ ਨੇੜਿਉਂ ਖੇਤਾਂ ਵਿਚੋਂ ਡਰੋਨ ਬਰਾਮਦ ਹੋਇਆ। ਡਰੋਨ ਨੂੰ ਹੁਣ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜਿਆ ਗਿਆ ਹੈ, ਤਾਂ ਜੋ ਇਸ ਦੀਆਂ ਉਡਾਣਾਂ ਦੀ ਸੂਚਨਾ ਹਾਸਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਨਾਬਾਲਗ ਬਣੀ ਮਾਂ ਤਾਂ ਮਾਪਿਆਂ ਨੇ ਝਾੜੀਆਂ 'ਚ ਸੁੱਟੀ ਨਵਜਾਤ ਬੱਚੀ
ਤਰਨਤਾਰਨ ਵਿਚ ਵੀ ਡਰੋਨ ਬਰਾਮਦ
ਇਸ ਤੋਂ ਇਲਾਵਾ ਦੂਜਾ ਡਰੋਨ ਤਰਨਤਾਰਨ ਦੇ ਰਾਜੋਕੇ ਇਲਾਕੇ ਵਿਚ ਮਿਲਿਆ ਹੈ। ਡਰੋਨ ਦੀ ਆਵਾਜਾਈ ਦੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ ਰਾਜੋਕੇ ਵਿਚ ਸਾਂਝਾ ਸਰਚ ਅਭਿਆਨ ਚਲਾਇਆ ਸੀ। ਅਗਸਤ ਮਹੀਨੇ ਵਿਚ ਇਹ ਪਹਿਲੀ ਵਾਰ ਹੈ ਜਦੋਂ ਇਕ ਦਿਨ ਵਿਚ ਦੋ ਡਰੋਨ ਬਰਾਮਦ ਕੀਤੇ ਗਏ ਹੋਣ।