
ਪਿਸ਼ਾਬ ਕਰਨ ਬਹਾਨੇ ਆਟੋ 'ਚੋਂ ਉਤਰ ਕੇ ਦਿਤਾ ਵਾਰਦਾਤ ਨੂੰ ਅੰਜਾਮ
ਸ਼ੱਕ ਹੋਣ 'ਤੇ ਆਟੋ ਚਾਲਕ ਨੇ ਕੀਤਾ ਪੁਲਿਸ ਨੂੰ ਸੂਚਿਤ
ਨਵਜੰਮੀ ਬੱਚੀ ਨੂੰ ਸੁਰੱਖਿਅਤ ਹਸਪਤਾਲ ਕਰਵਾਇਆ ਦਾਖ਼ਲ
ਮੋਹਾਲੀ : ਇਥੋਂ ਦੇ ਕੁੰਬੜਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਨਾਬਾਲਗ ਨੇ ਚਾਰ ਅਗਸਤ ਨੂੰ ਇਕ ਬੱਚੀ ਨੂੰ ਜਨਮ ਦਿਤਾ। ਇੱਜ਼ਤ ਖਾਤਰ ਪ੍ਰਵਾਰ ਨੇ ਨਵਜਾਤ ਬੱਚੀ ਨੂੰ ਝਾੜੀਆਂ ਵਿਚ ਸੁੱਟ ਦਿਤਾ।
ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਇਕ ਆਟੋ ਚਾਲਕ ਅਜੇ ਕੁਮਾਰ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿਤੀ ਹੈ। ਉਸ ਦਾ ਕਹਿਣਾ ਹੈ ਕਿ ਉਕਤ ਪ੍ਰਵਾਰ ਮੋਹਾਲੀ ਦੇ ਫ਼ੇਜ਼-6 ਹਸਪਤਾਲ ਤੋਂ ਨਵਜੰਮੀ ਬੱਚੀ ਸਮੇਤ ਕੁੰਬੜਾ ਤਕ ਜਾਣ ਲਈ ਉਸ ਦਾ ਆਟੋ ਕਿਰਾਏ 'ਤੇ ਕੀਤਾ ਸੀ। ਰਸਤੇ ਵਿਚ ਪਿਸ਼ਾਬ ਕਰਨ ਦੇ ਬਹਾਨੇ ਉਹ ਆਟੋ ਤੋਂ ਉਤਰੇ ਅਤੇ ਬੱਚੀ ਵੀ ਉਨ੍ਹਾਂ ਦੀ ਗੋਦ ਵਿਚ ਸੀ। ਹਾਲਾਂਕਿ ਜਦੋਂ ਉਹ ਆਟੋ ਵਿਚ ਵਾਪਸ ਆਏ ਤਾਂ ਲਪੇਟਿਆ ਹੋਇਆ ਤੌਲੀਆ ਉਨ੍ਹਾਂ ਦੀ ਗੋਦ ਵਿਚ ਸੀ ਪਰ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਆ ਰਹੀ ਸੀ।
ਇਹ ਵੀ ਪੜ੍ਹੋ: ਭਾਰਤ ਦੇ ਨਵੀਨ ਕੁਮਾਰ ਨੇ ਰਚਿਆ ਇਤਿਹਾਸ, ਇਕ ਮਿੰਟ 'ਚ ਅਪਣੇ ਸਿਰ ਨਾਲ ਭੰਨ੍ਹੇ ਸਭ ਤੋਂ ਵੱਧ 273 ਅਖਰੋਟ
ਉਸ ਨੇ ਦਸਿਆ ਕਿ ਉਸ ਪ੍ਰਵਾਰ ਨੂੰ ਕੁੰਬੜਾ ਉਤਾਰਨ ਮਗਰੋਂ ਉਸ ਨੂੰ ਸ਼ੱਕ ਹੋਇਆ ਜਿਸ 'ਤੇ ਉਸ ਨੇ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਬੱਚੀ ਨੂੰ ਸੁੱਟ ਦਿਤਾ ਹੈ।ਜਿਸ 'ਤੇ ਉਸ ਨੇ ਪੁਲਿਸ ਨੂੰ ਸੂਚਨਾ ਦਿਤੀ।
Ajay kumar (Auto driver)
ਅਜੇ ਕੁਮਾਰ ਨੇ ਦਸਿਆ ਕਿ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਸੀ ਅਤੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਧਰ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਪ੍ਰਵਾਰ ਵਿਰੁਧ ਐਫ਼.ਆਈ.ਆਰ. ਦਰਜ ਕਰ ਲਈ ਹੈ। ਜਾਣਕਾਰੀ ਅਨੁਸਾਰ ਇਹ ਪਰਵਾਸੀ ਪ੍ਰਵਾਰ ਸੀਤਾਪੁਰਾ, ਉੱਤਰ ਪਰਦੇਸ ਦਾ ਰਹਿਣ ਵਾਲਾ ਹੈ ਜਿਥੋਂ ਕਰੀਬ ਚਾਰ ਮਹੀਨੇ ਪਹਿਲਾਂ ਲੜਕੀ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਣ ਮਗਰੋਂ ਉਸ ਨੂੰ ਮੋਹਾਲੀ ਬੁਲਾਇਆ ਸੀ।