ਉਕਤ ਮੁਲਜ਼ਮ ਨੇ ਹੋਰਨਾਂ ਨਾਲ ਮਿਲ ਕੇ ਕਣਕ ਦਾ 1 ਕਰੋੜ 25 ਲੱਖ ਰੁਪਏ ਦਾ ਸਰਕਾਰੀ ਸਟਾਕ ਧੋਖੇ ਨਾਲ ਵੇਚ ਦਿੱਤਾ ਸੀ
Tarn Taran News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਤਰਨਤਾਰਨ ਵਿਖੇ ਸਹਾਇਕ ਖੁਰਾਕ ਸਪਲਾਈ ਅਫਸਰ (ਏ.ਐਫ.ਐਸ.ਓ.) ਵਜੋਂ ਤਾਇਨਾਤ ਕੰਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਪੁਲਿਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਦਰਜ ਇੱਕ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਮਾਰਚ 2024 ਤੋਂ ਫਰਾਰ ਸੀ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਕਣਕ ਦੇ ਸਟਾਕ ਵਿੱਚ ਹੇਰਾਫੇਰੀ ਦੇ ਇੱਕ ਕੇਸ ਵਿੱਚ ਤਫ਼ਤੀਸ਼ ਦੌਰਾਨ ਜੁਟਾਏ ਗਏ ਸਬੂਤਾਂ ਅਤੇ ਉਸਦੇ ਸਹਿ-ਮੁਲਜ਼ਮ ਦੇ ਬਿਆਨਾਂ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਨੇ ਹੋਰਨਾਂ ਮੁਲਜ਼ਮਾਂ ਨਾਲ ਮਿਲ ਕੇ ਕਣਕ ਦਾ 1 ਕਰੋੜ 25 ਲੱਖ ਰੁਪਏ ਦਾ ਸਰਕਾਰੀ ਸਟਾਕ ਧੋਖੇ ਨਾਲ ਵੇਚ ਦਿੱਤਾ ਸੀ।
ਦੱਸਣਯੋਗ ਹੈ ਕਿ ਉਕਤ ਮੁਲਜ਼ਮ ਏ.ਐਫ.ਐਸ.ਓ. ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਉਪਰੰਤ ਬਿਊਰੋ ਨੂੰ ਉਸਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਯੂਨਿਟ ਅੰਮ੍ਰਿਤਸਰ ਵਿਖੇ ਅਗਲੇਰੀ ਜਾਂਚ ਜਾਰੀ ਹੈ।