
ਕਿਹਾ, ਪੰਜਾਬੀ ਚੈਨਲਾਂ ਦੇ ਬੰਦ ਹੋਣ ਨਾਲ ਸਾਫ਼-ਸੁਥਰੇ ਟੀ.ਵੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਲਗਿਆ
ਚੰਡੀਗੜ੍ਹ (ਨਰਿੰਦਰ ਸਿੰਘ ਝਾਂਮਪੁਰ): ਪੰਜਾਬ ਦਾ ਸਭਿਆਚਾਰ ਅਤੇ ਸਾਫ਼-ਸੁਥਰੇ ਪ੍ਰੋਗਰਾਮਾਂ ਰਾਹੀਂ ਪਿਛਲੇ ਲੰਮੇਂ ਸਮੇਂ ਤੋਂ ਸੂਬੇ ਦੇ ਲੋਕਾਂ ਦਾ ਮਨੋਰੰਜਨ ਕਰੇ ਰਹੇ ਪੰਜਾਬ ਦੇ ਤਿੰਨ ਦੂਰਦਰਸ਼ਨ ਟਾਵਰਾਂ ਦੇ ਬੰਦ ਹੋਣ ਦੀ ਖ਼ਬਰ ਬੇਹੱਦ ਨਿਰਾਸ਼ਾ ਭਰੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਇਥੇ ਜਾਰੀ ਇਕ ਬਿਆਨ ਵਿਚ ਕੀਤਾ।
Sukhdev Singh Dhindsa
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (7 ਅਕਤੂਬਰ 2021)
ਢੀਂਡਸਾ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰ ਅਗਲੇ ਸਾਲ 31 ਮਰਚ ਤਕ ਬੰਦ ਕਰ ਦਿਤੇ ਜਾਣਗੇ ਜਿਸ ਵਿਚ ਡੀ.ਡੀ ਪੰਜਾਬੀ ਦੇ ਤਿੰਨ ਵੱਡੇ ਟਾਵਰ ਬਠਿੰਡਾ 31 ਅਕਤੂਬਰ ਨੂੰ, ਅੰਮ੍ਰਿਤਸਰ 31 ਦਸੰਬਰ ਨੂੰ ਅਤੇ ਫ਼ਾਜ਼ਿਲਕਾ 31 ਮਰਾਚ ਨੂੰ ਬੰਦ ਹੋ ਰਹੇ ਹਨ। ਇਨ੍ਹਾਂ ਪੰਜਾਬੀ ਚੈਨਲਾਂ ਦੇ ਬੰਦ ਹੋਣ ਨਾਲ ਸਾਫ਼-ਸੁਥਰੇ ਟੀ.ਵੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ।
Anurag Thakur
ਢੀਂਡਸਾ ਨੇ ਕਿਹਾ ਕਿ ਉਪਰੋਕਤ ਦੂਰਦਰਸ਼ਨ ਟਰਾਂਸਮੀਟਰਾਂ ਦਾ ਪ੍ਰਸਤਾਵਤ ਬੰਦ ਹੋਣਾ ਬੇਹੱਦ ਮਾੜੀ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਹੈ। ਉਹ ਛੇਤੀ ਹੀ ਇਸ ਸਬੰਧ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਨ੍ਹਾਂ ਟਾਵਰਾਂ ਨੂੰ ਬੰਦ ਕਰਨ ਤੋਂ ਰੋਕਣ ਦੀ ਮੰਗ ਕਰਨਗੇ।
Doordarshan
ਉਨ੍ਹਾਂ ਕਿਹਾ ਦੂਰਦਰਸ਼ਨ ਦੇ ਡੀ.ਡੀ ਪੰਜਾਬੀ ਨੂੰ ਲੋਕ ਹਾਲੇ ਵੀ ਉਸੇ ਤਰ੍ਹਾਂ ਪ੍ਰਵਾਰ ਵਿਚ ਬੈਠ ਕੇ ਵੇਖਣਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਚੈਨਲਾਂ ਵਿਚ ਪੰਜਾਬੀ ਦੇ ਸਭਿਆਚਰ ਦੀ ਝਲਕ ਬਾਖੂਬੀ ਵੇਖਣ ਨੂੰ ਮਿਲਦੀ ਹੈ। ਸ: ਢੀਂਡਸਾ ਨੇ ਕੇਂਦਰ ਸਰਕਾਰ ਨੂੰ ਦੂਰਦਰਸ਼ਨ ਦੇ ਪੁਰਾਣੇ ਚੈਨਲਾਂ ਨੂੰ ਚਲਾਈ ਰੱਖਣ ਦੀ ਮੰਗ ਕੀਤੀ ਹੈ।