ਵਿਰੋਧੀਆਂ 'ਚ ਗ਼ਲਤੀਆਂ ਕੱਢਣ ਦੀ ਥਾਂ ਇਕਜੁਟ ਹੋ ਕੇ ਕੇਂਦਰ ਨੂੰ ਸਖ਼ਤ ਸੁਨੇਹਾ ਦੇਣ ਸਿਆਸੀ ਧਿਰਾਂ
ਚੰਡੀਗੜ੍ਹ : ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਾ ਘੇਰਾ ਦਿਨੋਂ ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਭਾਜਪਾ ਆਗੂਆਂ ਦੇ ਭੜਕਾਊ ਵਤੀਰੇ ਦੇ ਬਾਵਜੂਦ ਕਿਸਾਨੀ ਸੰਘਰਸ਼ ਦੇ ਸ਼ਾਂਤਮਈ ਰਹਿਣ ਨੂੰ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਸਿਆਸੀ ਧਿਰਾਂ ਤੋਂ ਸਨਮਾਨ-ਜਨਕ ਦੂਰੀ ਬਣਾਉਣ 'ਚ ਵੀ ਸਫ਼ਲ ਰਹੀਆਂ ਹਨ। ਇਕ ਪਾਸੇ ਜਿੱਥੇ ਸੰਘਰਸ਼ੀ ਧਿਰਾਂ ਦੇ ਪੂਰਨ ਜ਼ਾਬਤੇ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ, ਉਥੇ ਹੀ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਆਗੂ ਬੇਢੰਗੇ ਬਿਆਨਾਂ ਜ਼ਰੀਏ ਅਪਣੀ ਸਿਆਸੀ ਵਿਦਵਤਾ ਦਾ ਜਨਾਜ਼ਾ ਕੱਢਣ 'ਤੇ ਉਤਾਰੂ ਹਨ।
ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਪੂਰਨ ਹਮਾਇਤ ਹਾਸਲ ਹੈ, ਜੋ ਉਸ ਦਾ ਨੈਤਿਕ ਫ਼ਰਜ ਵੀ ਹੈ। ਪਿਛਲੇ ਸਮੇਂ ਦੌਰਾਨ ਕਿਸ ਨੇ ਕੀ ਕੀਤਾ ਜਾਂ ਕੀ ਭੂਮਿਕਾ ਨਿਭਾਈ, ਇਹ ਵੱਖਰਾ ਵਿਸ਼ਾ ਹੈ, ਪਰ ਹੁਣ ਜਦੋਂ ਖੇਤੀ ਕਾਨੂੰਨਾਂ ਦੇ ਪਾਸ ਹੋਣ ਬਾਅਦ ਪਾਣੀ ਸਿਰੋਂ ਲੰਘ ਚੁੱਕਾ ਹੈ ਤਾਂ ਇਕ-ਦੂਜੇ 'ਚ ਗ਼ਲਤੀਆਂ ਕੱਢਣ ਅਤੇ ਤਾਅਨੇ-ਮਿਹਣੇ ਮਾਰਨ ਦੀ ਰਾਜਨੀਤੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸਿਆਸੀ ਆਗੂਆਂ ਦੇ ਇਸ ਵਤੀਰੇ ਨਾਲ ਉਨ੍ਹਾਂ ਨੂੰ ਸਿਆਸੀ ਫ਼ਾਇਦਾ ਤਾਂ ਭਾਵੇਂ ਹੋ ਜਾਵੇਗਾ ਪਰ ਪੰਜਾਬ ਜਾਂ ਪੰਜਾਬ ਦੀ ਕਿਸਾਨੀ ਦਾ ਕੋਈ ਭਲਾ ਨਹੀਂ ਹੋਣ ਵਾਲਾ।
ਇਸ ਵੇਲੇ ਪੰਜਾਬ ਦੀਆਂ ਦੋ ਪ੍ਰਮੁੱਖ ਸਿਆਸੀ ਧਿਰਾਂ ਦੇ ਆਗੂਆਂ ਦਾ ਸਾਰਾ ਜ਼ੋਰ ਸੱਤਾਧਾਰੀ ਧਿਰ ਦੇ ਮੁਖੀ ਨੂੰ ਭੰਡਣ 'ਤੇ ਲੱਗਾ ਹੋਇਆ ਹੈ। ਦੋਵੇਂ ਧਿਰਾਂ ਦੇ ਆਗੂ ਮੁੱਖ ਮੰਤਰੀ ਨੂੰ ਘੇਰਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਕੋਈ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਸਵਾਲ ਉਠਾ ਰਿਹਾ ਹੈ, ਕੋਈ ਉਨ੍ਹਾਂ ਨੂੰ 'ਕਮਜ਼ੋਰੀਆਂ ਦੀ ਪੰਡ' ਤਕ ਕਹਿ ਰਿਹਾ ਹੈ। ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਇਹ ਵੇਲਾ ਵਿਰੋਧੀਆਂ 'ਚ ਗ਼ਲਤੀਆਂ ਕੱਢਣ ਦਾ ਨਹੀਂ ਹੈ। ਸਿਆਸੀ ਕਮਜ਼ੋਰੀਆਂ ਉਸ ਧਿਰ ਦੇ ਆਗੂਆਂ 'ਚ ਵੀ ਹੋ ਸਕਦੀਆਂ ਹਨ ਜੋ ਅਪਣੇ ਸੂਬੇ ਦੀਆਂ ਕਈ ਮੰਗਾਂ ਨੂੰ ਵਿਸਾਰ ਕੇ ਚੁਪ-ਚਾਪ ਸੱਤਾ ਦਾ ਸੁਖ ਮਾਣ ਰਹੇ ਹਨ।
ਇਸੇ ਤਰ੍ਹਾਂ ਸੱਤਾਧਾਰੀ ਧਿਰ 'ਤੇ ਕੇਂਦਰ ਨਾਲ ਫਰੈਂਡਲੀ ਮੈਚ ਖੇਡਣ ਦੀਆਂ ਗੱਲਾਂ ਕਰਨ ਵਾਲੀ ਧਿਰ ਦਾ ਵੀ ਪਿਛਲਾ ਰਿਕਾਰਡ ਕੋਈ ਬਹੁਤਾ ਵਧੀਆ ਨਹੀਂ ਹੈ। ਉਨ੍ਹਾਂ ਨੇ ਵੀ ਸੱਤਾ ਸੁਖ ਪ੍ਰਾਪਤ ਕਰਨ ਲਈ ਸੂਬੇ ਦੇ ਮਸਲਿਆਂ ਨੂੰ ਠੰਡੇ ਬਸਤੇ 'ਚ ਪਾਉਣ ਸਮੇਤ ਕਈ ਵੱਡੀਆਂ ਗ਼ਲਤੀਆਂ ਕੀਤੀਆਂ ਹਨ। ਪਰ ਅੱਜ ਇਨ੍ਹਾਂ ਧਿਰਾਂ ਦਾ ਸਾਰਾ ਜ਼ੋਰ ਸੱਤਾਧਾਰੀ ਧਿਰ 'ਚ ਗ਼ਲਤੀਆਂ ਕੱਢਣ 'ਤੇ ਲੱਗਾ ਹੋਇਆ ਹੈ। ਜਦ ਕਿ ਪੰਜਾਬ ਅਤੇ ਪੰਜਾਬੀਅਤ ਅਤੇ ਕਿਸਾਨਾਂ ਦੀ ਭਲਾਈ ਇਸੇ ਵਿਚ ਹੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਅਪਣੇ ਸਾਰੇ ਨਫ਼ੇ-ਨੁਕਸਾਨਾਂ ਨੂੰ ਭੁਲਾ ਕੇ ਸਿਰਫ਼ ਤੇ ਸਿਰਫ਼ ਪੰਜਾਬ ਤੇ ਕਿਸਾਨਾਂ ਦੇ ਹਿਤਾਂ ਖ਼ਾਤਰ ਇਕਜੁਟ ਹੋ ਕੇ ਕੇਂਦਰ ਸਰਕਾਰ ਨੂੰ ਸਖ਼ਤ ਸੁਨੇਹਾ ਦੇਣ ਤਾਂ ਜੋ ਉਹ ਪੰਜਾਬ ਦੀ ਆਰਥਿਕ ਘੇਰਾਬੰਦੀ ਸਮੇਤ ਹੋਰ ਘੜੀਆਂ ਜਾ ਰਹੀਆਂ ਸਾਜਿਸ਼ਾਂ 'ਚ ਸਫ਼ਲ ਨਾ ਹੋ ਸਕੇ।
ਮਿਸ਼ਨ-2020 ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ਇਹ ਗੱਲ ਵੀ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਖੇਤੀ 'ਤੇ ਨਿਰਭਰ ਹੈ। ਪੰਜਾਬ ਦੀ ਕਿਸਾਨੀ ਦੇ ਬਰਬਾਦ ਹੋ ਜਾਣ ਦੀ ਸੂਰਤ 'ਚ ਪੰਜਾਬ ਦੇ ਕੰਗਾਲੀ ਦੀ ਹਾਲਤ 'ਚ ਪਹੁੰਚਣਾ ਤੈਅ ਹੈ। ਕੀ ਇਹ ਆਗੂ ਇਕ ਕੰਗਾਲ ਪੰਜਾਬ ਜਾਂ ਭੁਖਮਰੀ ਤੇ ਗੁਲਾਮੀ ਦੀ ਹਾਲਤ 'ਚ ਪਹੁੰਚ ਚੁੱਕੇ ਪੰਜਾਬੀਆਂ 'ਤੇ ਰਾਜ ਕਰਨ ਦਾ ਸੁਪਨਾ ਲੈ ਸਕਦੇ ਹਨ। ਮਸਲਾ ਹੋਰ ਉਲਝਣ ਤੋਂ ਬਾਅਦ ਮਾਹੌਲ ਖ਼ਰਾਬ ਹੋਣ ਬਾਅਦ ਕਿਹੜੀ ਧਿਰ ਹੈ ਜੋ ਪੰਜਾਬ ਅੰਦਰ ਅਪਣੀਆਂ ਸਿਆਸੀ ਸਰਗਰਮੀਆਂ ਚਲਾਉਣ ਦੀ ਹਾਲਤ 'ਚ ਹੋਵੇਗੀ। ਸੋ ਸਾਰੀਆਂ ਧਿਰਾਂ ਨੂੰ ਸਿਆਸੀ ਰੋਟੀਆਂ ਸੇਕਣ ਦੀ ਥਾਂ ਪੰਜਾਬ, ਪੰਜਾਬੀਅਤ ਅਤੇ ਕਿਸਾਨੀ ਦੇ ਭਲੇ ਲਈ ਸਿਆਸੀ ਘੁੰਤਰਾ ਛੱਡ ਕੇ ਕਿਸਾਨਾਂ ਦੀ ਪਿੱਠ 'ਤੇ ਇਕਜੁਟ ਹੋ ਕੇ ਖਲੋਣਾ ਚਾਹੀਦਾ ਹੈ, ਇਸੇ 'ਚ ਹੀ ਸਭ ਦੀ ਭਲਾਈ ਹੈ।