
Ghazal in punjabi : ਆਤਮ-ਕਥਾ ਛੇੜੀ ਏ ਤੂੰ, ਸੁਆਦ ਤਾਂ ਜੇ ਸਚਾਈ ਲਿਖੇਂ ਐਵੇਂ ਨਾ ਲੇਖਕਾਂ ਵਾਂਗ ਹੋਰ ਲੋਕਾਂ ਦੀ ਬੁਰਾਈ ਲਿਖੇਂ।
Ghazal in punjabi : ਆਤਮ-ਕਥਾ ਛੇੜੀ ਏ ਤੂੰ, ਸੁਆਦ ਤਾਂ ਜੇ ਸਚਾਈ ਲਿਖੇਂ
ਐਵੇਂ ਨਾ ਲੇਖਕਾਂ ਵਾਂਗ ਹੋਰ ਲੋਕਾਂ ਦੀ ਬੁਰਾਈ ਲਿਖੇਂ।
ਤੇਰੀਆਂ ਕਵਿਤਾਵਾਂ ਪੜ੍ਹੀਆਂ ਮੈਂ, ਤੇਰੀਆਂ ਗ਼ਜ਼ਲਾਂ ਵੀ
ਇਹੀ ਲਭਿਆ ਏ ਮੈਂ, ਹਰ ਇਕ ਥਾਂ ਜਗ-ਹਸਾਈ ਲਿਖੇਂ।
ਹਰ ਇਕ ਲਿਖਾਰੀ ਲਿਖਦੈ ਲੋਕਾਈ ਦੀ ਪੀੜਾ ਦੀ ਗੱਲ
ਮਰਦ ਦਾ ਪੁੱਤ ਹੈਂ ਤਾਂ ਤੂੰ ਜੇਕਰ ਇਹਦੀ ਦਵਾਈ ਲਿਖੇਂ।
ਠੱਗ, ਚੋਰ, ਲੁਟੇਰੇ ਮਖੌਟੇ ਪਹਿਨੀ ਫਿਰਦੇ ਨੇਤਾਵਾਂ ਵਿਚ
ਕਲਮ ਉਠਾਈ ਜੇ, ਕਿੰਝ ਹੋਵੇ ਇਨ੍ਹਾਂ ਦੀ ਚੰਡਾਈ, ਲਿਖੇਂ।
ਆਮ ਲਿਖਦੇ ਰਹੇ ਨੇ ਲੋਕ ਅਪਣੀ ਤਰੱਕੀ ਦੇ ਸੋਹਲੇ
ਘੱਟ ਤੋਂ ਘੱਟ ਤੂੰ ਜਿਹੜੀ ਤੇਰੀ ਹੋਈ ਹੱਡ-ਭਨਾਈ ਲਿਖੇਂ।
ਤੇਰੀਆਂ ਲਿਖਤਾਂ ਡਰਦੀਆਂ ਨੇ ਟੱਲਾਂ ਤੇ ਘੜਿਆਲਾਂ ਤੋਂ
ਨਹੀਂ ਡਰੇਂਗਾ ਫ਼ਰਜ਼ੀ ਦੇਵਾਂ ਤੋਂ ਕਸਮ ਨੂੰ ਖਾਈ ਲਿਖੇਂ।
ਆਪੂੰ ਖ਼ਰੀਦ ਕੇ ਦਿਤੇ ਅਤੇ ਫਿਰ ਲਏ ਬੜੇ ਸਨਮਾਨ, ਤੂੰ ਛੱਡੀਂ ਇਹ, ਤੇਰੀ ਫਿਤਰਤ ’ਤੇ ਜੋ ਹੁੰਦੀ ਰਹੀ ਲੜਾਈ ਲਿਖੇਂ।
ਕੋਈ ਨਵੀਂ ਸੇਧ ਦੇਵੇ ਜਾਂ ਨਵਾਂ ਫ਼ਲਸਫ਼ਾ ਲਿਖਤ ਦਿਖਾਵੇ
ਅਚੰਭਾ ਕੀ ਤੂੰ ਵੀ ਜੇ ਦਿਨ ਤੋਂ ਬਾਅਦ ਰਾਤ ਆਈ ਲਿਖੇ।
ਇਨਸਾਨ ਸਹਿੰਦਾ ਰਿਹਾ ਸਦੀਆਂ ਤੋਂ ਨਰਕ-ਸੁਰਗ ਦੇ ਦਬਕੇ
ਵਿਗਿਆਨ ਸਿਖਾ ਸਰੋਆ ਤੂੰ ਤਾਂ ਅਜੇਹਾ ਨਾ ਸੌਦਾਈ ਲਿਖੇਂ
ਦਲਬੀਰ ਸਿੰਘ ਸਰੋਆ (ਮੋ. 99884-42556)