ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕੀਤੀ ਅਤੇ ਦਿੱਲੀ ਕੂਚ ਦੀ ਵਧ ਚੜ੍ਹ ਕੇ ਤਿਆਰੀ ਕਰਨ ਦਾ ਸੱਦਾ ਦਿੱਤਾ
ਸੰਗਰੂਰ : ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਕੀਤੇ ਸ਼ੁਰੂ ਕੀਤੇ ਸੰਘਰਸ਼ ਦੇ 38 ਵੇਂ ਦਿਨ ਅੱਜ ਸੰਗਰੂਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਰੋਸ ਧਰਨਾ ਜਾਰੀ ਰਿਹਾ ।ਜਿਸ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕੀਤੀ ਅਤੇ ਦਿੱਲੀ ਕੂਚ ਦੀ ਵਧ ਚੜ੍ਹ ਕੇ ਤਿਆਰੀ ਕਰਨ ਦਾ ਸੱਦਾ ਦਿੱਤਾ । ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਬੀਕੇਯੂ ਰਾਜੇਵਾਲ ਦੇ ਆਗੂ ਦਰਬਾਰਾ ਸਿੰਘ ਨਾਗਰਾ,
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਕਰਨੈਲ ਸਿੰਘ ਕਾਕੜਾ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਮੰਗਤ ਰਾਮ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਦਰਬਾਰ ਸਿੰਘ, ਬੀਕੇਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਬਰਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਵਾਉਣ ਦੇ ਲਈ ਜਿਸ ਤਰ੍ਹਾਂ ਮੋਦੀ ਸਰਕਾਰ ਪੰਜਾਬ ਸਰਕਾਰ ਦੀ ਬਾਂਹ ਮਰੋੜ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮਸਲਾ ਇਕੱਲਾ ਖੇਤੀ ਕਾਨੂੰਨਾਂ ਜਾਂ ਐੱਮਐੱਸਪੀ ਦਾ ਨਹੀਂ ਬਲਕਿ ਸੂਬਿਆਂ ਦੀ ਖ਼ੁਦਮੁਖ਼ਤਾਰੀ ਨੂੰ ਵੀ ਕੇਂਦਰ ਨੇ ਵੱਡੀ ਪੱਧਰ ‘ਤੇ ਖੋਰਾ ਲਾਇਆ ਹੈ ।
Narendra Modi
ਕੇਂਦਰ ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਕਰਕੇ ਸੂਬਿਆਂ ਨੂੰ ਪੂਰੀ ਤਰ੍ਹਾਂ ਆਪਣੇ ਤੇ ਨਿਰਭਰ ਕਰਨਾ ਚਾਹੁੰਦਾ ਹੈ । ਤੇ ਚਾਹੁੰਦਾ ਹੈ ਕਿ ਸੂਬੇ ਸਿਰਫ਼ ਕੇਂਦਰ ਦੀ ਜੀ ਹਜ਼ੂਰੀ ਕਰਨ ,ਜੋ ਕਾਨੂੰਨ ਕੇਂਦਰੀ ਹਕੂਮਤ ਬਣਾਉਂਦੀ ਹੈ ਉਸ ਨੂੰ ਅੱਖਾਂ ਬੰਦ ਕਰਕੇ ਲਾਗੂ ਕਰਨ। ਪਰ ਪੰਜਾਬ ਨੇ ਨਾ ਤਾਂ ਕਦੇ ਇਤਿਹਾਸ ਵਿੱਚ ਦਿੱਲੀ ਦੇ ਹੈਂਕੜਬਾਜ਼ ਰਵੱਈਏ ਦੀ ਈਨ ਮੰਨੀ ਹੈ ਨਾ ਹੁਣ ਪੰਜਾਬੀ ਮੰਨਣਗੇ । ਸਾਰਾ ਦੇਸ਼ ਜਾਣਦਾ ਹੈ ਕਿ ਮੋਦੀ ਹਕੂਮਤ ਨੇ ਅਡਾਨੀ ,ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਪਹਿਲਾਂ ਜਿਸ ਤਰ੍ਹਾਂ ਸਰਕਾਰੀ ਅਦਾਰੇ, ਹਵਾਈ ਅੱਡੇ, ਰੇਲਵੇ ਸਟੇਸ਼ਨ ਤੇ ਦੇਸ਼ ਦੀ ਹੋਰ ਸੰਪਤੀ ਕੌਡੀਆਂ ਦੇ ਭਾਅ ਲੁਟਾਈ ਹੈ, ਉਸੇ ਤਰ੍ਹਾਂ ਹੁਣ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਜ਼ਮੀਨ ਤੇ ਵੀ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਬਜ਼ਾ ਕਰਵਾਉਣਾ ਚਾਹੁੰਦਾ ਹੈ ।
Pm modi , Captian Amrinder singh
ਖੇਤਾਂ ਵਿੱਚ ਮਿਹਨਤ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਆਪਣੀ ਇਕ ਇੰਚ ਜ਼ਮੀਨ ਵੀ ਇਨ੍ਹਾਂ ਕਾਰਪੋਰੇਟ ਘਰਾਣਿਆਂ ਕੋਲ ਨਹੀਂ ਜਾਣ ਦੇਣਗੇ ਉਸ ਦੇ ਲਈ ਚਾਹੇ ਉਨ੍ਹਾਂ ਨੂੰ ਕਿੱਡੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ।ਸਮੁੱਚੇ ਪੰਜਾਬ ਦਾ ਕਿਸਾਨ ,ਮਜ਼ਦੂਰ ,ਵਪਾਰੀ ਤੇ ਮੁਲਾਜ਼ਮ ਭਾਈਚਾਰਾ ਮਿਲ ਕੇ ਕੇਂਦਰ ਦੇ ਖ਼ਿਲਾਫ਼ ਇਹ ਲੜਾਈ ਲੜੇਗਾ ਤੇ 26 -27 ਨਵੰਬਰ ਦਾ ਦਿੱਲੀ ਮੋਰਚਾ ਕੇਂਦਰੀ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਵੇਗਾ । ਅੱਜ ਦੇ ਰੋਸ ਧਰਨੇ ਵਿਚ ਔਰਤ ਆਗੂ ਸੁਖਪਾਲ ਕੌਰ ਛਾਜਲੀ, ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ,ਜਸਦੀਪ ਸਿੰਘ ਬਹਾਦਰਪੁਰ, ਸਾਹਿਬ ਸਿੰਘ ਤਕੀਪੁਰ , ਸੁਖਦੇਵ ਸਿੰਘ ਘਰਾਚੋਂ , ਜਰਨੈਲ ਸਿੰਘ ਜਨਾਲ ,ਹਰੀ ਸਿੰਘ ਚੱਠਾ ਨੇ ਵੀ ਸੰਬੋਧਨ ਕੀਤਾ ।