
GMSH-16 ਵਿਖੇ ਖੁੱਲ੍ਹੇਗਾ ਜਨ ਔਸ਼ਧੀ ਕੇਂਦਰ, ਇਸ ਹਫ਼ਤੇ ਹੋ ਜਾਵੇਗਾ ਸ਼ੁਰੂ
ਚੰਡੀਗੜ੍ਹ - ਤਿੰਨ ਸਾਲਾਂ ਲੰਮੀ ਬ੍ਰੇਕ ਤੋਂ ਬਾਅਦ, ਜਨ ਔਸ਼ਧੀ ਕੇਂਦਰ ਇਸ ਹਫ਼ਤੇ ਇੱਥੋਂ ਦੇ ਸੈਕਟਰ 16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਦੁਬਾਰਾ ਖੁੱਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਯੂ.ਟੀ. ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਕਿਹਾ, “ਟੈਂਡਰ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਜੀਐਮਸੀਐਚ-32 ਵਿਖੇ ਇੱਕ ਹੋਰ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸੈਕਟਰ-16 ਹਸਪਤਾਲ ਵਿਖੇ ਜਨ ਔਸ਼ਧੀ ਕੇਂਦਰ ਲਈ ਲਾਇਸੈਂਸ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਹ ਇਸ ਹਫ਼ਤੇ ਖੁੱਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਕੇਂਦਰ ਦੇ ਖੁੱਲ੍ਹਣ ਨਾਲ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਸਤੀਆਂ ਜੈਨਰਿਕ ਦਵਾਈਆਂ ਖਰੀਦ ਸਕਣਗੇ। ਡਾਕਟਰਾਂ ਨੂੰ ਜੈਨਰਿਕ ਦਵਾਈਆਂ ਲਿਖਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਕੇਂਦਰ ਸੁਚਾਰੂ ਢੰਗ ਨਾਲ ਕੰਮ ਕਰ ਸਕੇ।"
ਜਨ ਔਸ਼ਧੀ ਕੇਂਦਰ ਬ੍ਰਾਂਡਿਡ ਦਵਾਈਆਂ ਦੇ ਮੁਕਾਬਲਤਨ ਸਸਤੀਆਂ ਦਰਾਂ 'ਤੇ ਉੱਚ-ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਪ੍ਰਦਾਨ ਕਰਦੇ ਹਨ। ਇਹ ਕੇਂਦਰ ਆਮ ਲੋਕਾਂ ਵਿੱਚ ਜੈਨਰਿਕ ਦਵਾਈਆਂ ਨੂੰ ਹਰਮਨ ਪਿਆਰਾ ਬਣਾਉਣ ਅਤੇ ਇਸ ਪ੍ਰਚਲਿਤ ਧਾਰਨਾ ਨੂੰ ਦੂਰ ਕਰਨ ਲਈ ਖੋਲ੍ਹੇ ਗਏ ਸਨ ਕਿ ਘੱਟ ਕੀਮਤ ਵਾਲੀਆਂ ਜੈਨਰਿਕ ਦਵਾਈਆਂ ਘਟੀਆ ਦਰਜੇ ਦੀਆਂ ਹੁੰਦੀਆਂ ਹਨ ਜਾਂ ਘੱਟ ਅਸਰਦਾਰ ਹੁੰਦੀਆਂ ਹਨ।
ਇਨ੍ਹਾਂ ਕੇਂਦਰਾਂ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਸਰਜੀਕਲ ਵਸਤੂਆਂ ਸਸਤੇ ਭਾਅ 'ਤੇ ਉਪਲਬਧ ਹਨ। ਸ਼ਹਿਰ ਵਿੱਚ ਇਸ ਸਮੇਂ ਪੀ.ਜੀ.ਆਈ. ਵਿੱਚ ਦੋ ਜਨ ਔਸ਼ਧੀ ਕੇਂਦਰ ਹਨ।
2018 ਵਿੱਚ, ਯੂ.ਟੀ. ਦੇ ਸਿਹਤ ਵਿਭਾਗ ਨੇ ਜਨ ਔਸ਼ਧੀ ਕੇਂਦਰ ਚਲਾਉਣ ਲਈ ਸੈਕਟਰ 45 ਤੇ 22 ਦੇ ਸਿਵਲ ਹਸਪਤਾਲ, ਅਤੇ ਸਿਵਲ ਹਸਪਤਾਲ ਮਨੀ ਮਾਜਰਾ ਵਿੱਚ ਚੰਡੀਗੜ੍ਹ ਰੈੱਡ ਕਰਾਸ ਸੁਸਾਇਟੀ ਨੂੰ ਜਗ੍ਹਾ ਅਲਾਟ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ, ਪਹਿਲਾਂ ਰੈੱਡ ਕਰਾਸ ਸੁਸਾਇਟੀ ਦੁਆਰਾ ਚਲਾਈਆਂ ਜਾਂਦੀਆਂ ਮੈਡੀਕਲ ਦੁਕਾਨਾਂ ਬੰਦ ਪਈਆਂ ਸਨ, ਕਿਉਂਕਿ ਸੰਸਥਾ ਨੇ ਕੋਵਿਡ -19 ਮਹਾਂਮਾਰੀ ਦੌਰਾਨ ਇਹਨਾਂ ਨੂੰ ਚਲਾਉਣ ਵਿੱਚ ਅਸਮਰੱਥਾ ਪ੍ਰਗਟਾਈ ਸੀ।
ਸ਼ਹਿਰ ਦੇ ਸਿਵਲ ਹਸਪਤਾਲ ਸੈਕਟਰ 22, ਮਨੀ ਮਾਜਰਾ ਅਤੇ ਸੈਕਟਰ 45 ਵਿਖੇ ਦਵਾਈਆਂ ਦੀਆਂ ਤਿੰਨ ਨਵੀਆਂ ਦੁਕਾਨਾਂ ਖੁੱਲ੍ਹਣ ਲਈ ਤਿਆਰ ਹਨ। ਇਸ ਤੋਂ ਇਲਾਵਾ ਤਿੰਨ ਨਵੀਆਂ ਦੁਕਾਨਾਂ ਜੀ.ਐਮ.ਐਸ.ਐਚ.-16 ਵਿਖੇ ਖੋਲ੍ਹੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਜਨ ਔਸ਼ਧੀ ਕੇਂਦਰ ਵੀ ਸ਼ਾਮਲ ਹੈ। ਅਜਿਹਾ ਜੀ.ਐਮ.ਐਸ.ਐਚ.-16 ਵਿਖੇ ਇੱਕੋ-ਇੱਕ ਕੈਮਿਸਟ ਦੀ ਦੁਕਾਨ ਦਾ ਏਕਾਧਿਕਾਰ ਤੋੜਨ ਲਈ ਕੀਤਾ ਜਾ ਰਿਹਾ ਹੈ, ਜੋ ਪਿਛਲੇ 29 ਸਾਲਾਂ ਤੋਂ ਹਸਪਤਾਲ ਵਿੱਚ ਆਪਣਾ ਕੰਮ ਚਲਾ ਰਿਹਾ ਸੀ।
“ਹੋਰ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹਣ ਨਾਲ, ਮਰੀਜ਼ ਦੇਰ ਰਾਤ ਨੂੰ ਵੀ ਸਿਰਫ਼ ਇੱਕੋ ਦਵਾਈਆਂ ਦੀ ਦੁਕਾਨ 'ਤੇ ਜਾਣ ਲਈ ਮਜਬੂਰ ਹੋਣ ਦੀ ਬਜਾਏ ਕਿਤੇ ਵੀ ਦਵਾਈਆਂ ਖਰੀਦਣ ਦੇ ਯੋਗ ਹੋਣਗੇ। ਮਰੀਜ਼ਾਂ ਦੀ ਸਹੂਲਤ ਲਈ ਇਹ ਦੁਕਾਨਾਂ 24 ਘੰਟੇ ਚੱਲਣਗੀਆਂ,” ਸਿਹਤ ਸਕੱਤਰ ਯਸ਼ਪਾਲ ਗਰਗ ਨੇ ਕਿਹਾ।