
ਕਿਸੇ ਸਮੇਂ ਪੰਜਾਬ ਦੀ ਸਿਆਸਤ 'ਚ ਰਾਮ ਤੇ ਲਛਮਣ ਦੀ ਜੋੜੀ ਵਜੋਂ ਮਸ਼ਹੂਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਦੇ ਫਰਜੰਦਾਂ....
ਬਠਿੰਡਾ : ਕਿਸੇ ਸਮੇਂ ਪੰਜਾਬ ਦੀ ਸਿਆਸਤ 'ਚ ਰਾਮ ਤੇ ਲਛਮਣ ਦੀ ਜੋੜੀ ਵਜੋਂ ਮਸ਼ਹੂਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਦੇ ਫਰਜੰਦਾਂ 'ਚ ਚੱਲ ਰਹੀ ਸਿਆਸੀ ਜੰਗ ਅੱਜ ਅਦਾਲਤ ਦੀਆਂ ਬਰੂਹਾਂ ਤਕ ਅੱਪੜ ਗਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਪੰਜਾਬ 'ਚ 'ਜੋਜੋ ਟੈਕਸ ਇਕੱਤਰ ਕਰਨ' ਲਈ ਬਦਨਾਮ ਕਰਨ ਦੇ ਮਾਮਲੇ 'ਚ ਜੌਹਲ ਨੇ ਸਥਾਨਕ ਅਦਾਲਤ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ
ਅਤੇ ਉਸ ਦੇ ਭਰਾ ਬਿਕਰਮ ਸਿੰਘ ਮਜੀਠੀਆ, ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਅਤੇ ਪੀਟੀਸੀ ਚੈਨਲ ਪ੍ਰਬੰਧਕ ਰਵਿੰਦਰ ਨਰਾਇਣ ਵਿਰੁਧ ਮਾਣਹਾਨੀ ਦਾ ਅਪਰਾਧਿਕ ਕੇਸ ਦਾਇਰ ਕਰ ਦਿਤਾ ਹੈ। ਉਕਤ ਵਿਅਕਤੀਆਂ ਨੇ ਮਨਪ੍ਰੀਤ ਦੇ ਇਸ ਰਿਸ਼ਤੇਦਾਰ ਵਿਰੁਧ ਬਠਿੰਡਾ 'ਚ ਜੋਜੋ ਟੈਕਸ ਵਸੂਲਣ ਦੇ ਦੋਸ਼ ਲਾਏ ਸਨ। ਜੁਡੀਸ਼ੀਅਲ ਮੈਜਿਸਟਰੇਟ ਵਿਜੇ ਡੱਡਵਾਲ ਦੀ ਅਦਾਲਤ 'ਚ ਅਪਣੇ ਵਕੀਲ ਰਾਹੀਂ ਜੌਹਲ ਨੇ ਧਾਰਾ 499,500,501 ਤੇ 34 ਆਈਪੀਸੀ ਤਹਿਤ ਕੇਸ ਦਾਇਰ ਕੀਤਾ ਹੈ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ 10 ਕਰੋੜ ਦੇ ਹਰਜਾਨੇ ਦਾ ਕੇਸ ਵੀ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਮਹੀਨਿਆਂ ਵਿਚ ਉਕਤ ਆਗੂਆਂ ਨੇ ਉਨ੍ਹਾਂ ਦਾ ਨਾਮ ਬਿਨਾਂ ਕਿਸੇ ਸਬੂਤ ਉਛਾਲਿਆ ਜਿਸ ਨਾਲ ਉਨ੍ਹਾਂ ਨੂੰ ਸਮਾਜਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।