
ਮੁੰਬਈ ਦੀ ਇਕ ਇਮਾਰਤ 'ਚ ਸਿਲੰਡਰ ਫਟਣ ਕਾਰਨ 16 ਲੋਕ ਝੁਲਸੇ
ਨਾਬਾਲਗ਼ ਲੜਕੀ ਅਤੇ ਇਕ ਔਰਤ ਸਣੇ ਚਾਰ ਲੋਕਾਂ ਦੀ ਹਾਲਤ ਨਾਜ਼ੁਕ
ਮੁੰਬਈ, 6 ਦਸੰਬਰ: ਮੁੰਬਈ ਦੇ ਲਾਲਬਾਗ਼ ਇਲਾਕੇ ਵਿਚ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਸਵੇਰੇ ਸਿਲੰਡਰ ਵਿਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਅਤੇ ਇਸ ਘਟਨਾ ਵਿਚ ਘੱਟੋ ਘੱਟ 16 ਲੋਕ ਝੁਲਸ ਗਏ।
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਕ ਨਾਬਾਲਗ਼ ਲੜਕੀ ਅਤੇ ਇਕ ਔਰਤ ਸਣੇ ਚਾਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਉਹ 70 ਫ਼ੀ ਸਦੀ ਤੋਂ 95 ਫ਼ੀ ਸਦੀ ਤਕ ਝੁਲਸ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਗ ਸਵੇਰੇ 7.20 ਵਜੇ ਗਣੇਸ਼ ਗਲੀ ਖੇਤਰ ਵਿਚ ਸਰਾਭਾਈ ਇਮਾਰਤ ਦੀ ਦੂਸਰੀ ਮੰਜ਼ਲ ਉੱਤੇ ਲੱਗੀ।
ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਪੀਟੀਆਈ ਨੂੰ ਦਸਿਆ ਕਿ ਗੈਸ ਲੀਕ ਹੋਣ ਤੋਂ ਬਾਅਦ ਸਿਲੰਡਰ ਫਟ ਗਿਆ। ਧਮਾਕੇ ਤੋਂ ਬਾਅਦ ਇਕ ਕਮਰੇ ਦੀ ਕੰਧ ਡਿੱਗ ਗਈ। ਉਨ੍ਹਾਂ ਨੇ ਕਿਹਾ ਕਿ ਮੈਂ ਮੌਕੇ ਦਾ ਦੌਰਾ ਕੀਤਾ।
ਇਕ ਨਾਬਾਲਗ਼ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਦੱਖਣੀ ਮੁੰਬਈ ਦੇ ਬਾਈਖਲਾ ਦੇ ਮਸੀਨਾ ਹਸਪਤਾਲ ਭੇਜ ਦਿਤਾ ਹੈ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਅੱਗ ਨਾਲ 16 ਲੋਕ ਝੁਲਸ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਕੇਈਐਮ ਹਸਪਤਾਲ, ਗਲੋਬਲ ਹਸਪਤਾਲ ਸਮੇਤ ਹੋਰ ਹਸਪਤਾਲਾਂ ਵਿਚ ਲਿਜਾਇਆ ਗਿਆ ਸੀ। ਸਵੇਰੇ ਕਰੀਬ 7.50 ਵਜੇ ਅੱਗ 'ਤੇ ਕਾਬੂ ਪਾਇਆ ਗਿਆ। (ਪੀਟੀਆਈ)