
'ਆਪ' ਨੇ ਕਿਸਾਨਾਂ ਦੇ ਭਾਰਤ ਬੰਦ ਸੱਦੇ ਦਾ ਕੀਤਾ ਸਮਰਥਨ
ਕੇਜਰੀਵਾਲ ਨੇ ਕਿਹਾ,'ਆਪ' ਵਰਕਰ ਦੇਸ਼ ਵਿਆਪੀ ਹੜਤਾਲ ਦਾ ਕਰਨਗੇ ਸਮਰਥਨ
ਨਵੀਂ ਦਿੱਲੀ, 6 ਦਸੰਬਰ: ਆਮ ਆਦਮੀ ਪਾਰਟੀ (ਆਪ) ਨੇ 8 ਦਸੰਬਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ 'ਭਾਰਤ ਬੰਦ' ਦੇ ਸੱਦੇ ਦਾ ਸਮਰਥਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਵਿਚ 'ਆਪ' ਵਰਕਰ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਨਗੇ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ।
ਉਨ੍ਹਾਂ ਨੇ ਟਵੀਟ ਕੀਤਾ ਕਿ ਆਮ ਆਦਮੀ ਪਾਰਟੀ 8 ਦਸੰਬਰ ਨੂੰ 'ਭਾਰਤ ਬੰਦ' ਦੇ ਸੱਦੇ ਉੱਤੇ ਕਿਸਾਨਾਂ ਦੇ ਸਮਰਥਨ ਦੀ ਪੂਰੀ ਹਮਾਇਤ ਕਰਦੀ ਹੈ। ਦੇਸ਼ ਭਰ ਦੇ 'ਆਪ' ਵਰਕਰ ਸ਼ਾਂਤੀ ਨਾਲ ਇਸ ਦਾ ਸਮਰਥਨ ਕਰਨਗੇ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰਿਆਂ ਨੂੰ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ।
'ਆਪ' ਨੇਤਾ ਅਤੇ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਾਰੇ ਕਾਰਕੁਨ ਕਿਸਾਨਾਂ ਦੇ ਸਮਰਥਨ ਵਿਚ ਬੰਦ ਵਿਚ ਹਿੱਸਾ ਲੈਣਗੇ। ਰਾਏ ਨੇ ਇਕ ਵੀਡੀਉ ਸੰਦੇਸ਼ ਵਿਚ ਕਿਹਾ ਕਿ ਇਹ ਨਾ ਸਿਰਫ਼ ਕਿਸਾਨਾਂ ਦੀ, ਬਲਕਿ ਸਾਰੇ ਦੇਸ਼ ਵਾਸੀਆਂ ਦੀ ਲੜਾਈ ਹੈ। ਭਾਰਤ ਇਕ ਖੇਤੀਬਾੜੀ ਦੇਸ਼ ਹੈ ਅਤੇ ਜੇਕਰ ਕਿਸਾਨ ਨਾਖ਼ੁਸ਼ ਹਨ, ਤਾਂ ਇਸ ਦਾ ਅਸਰ ਦੇਸ਼ 'ਤੇ ਵੀ ਪੈਂਦਾ ਹੈ। ਮੈਂ ਸਾਰਿਆਂ ਨੂੰ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਾ ਹਾਂ। (ਪੀਟੀਆਈ)