
ਜੇ ਕਿਸਾਨ ਨਹੀਂ ਭਲਾ ਚਾਹੁੰਦੇ ਤਾਂ ਸਰਕਾਰ ਵਾਪਸ ਲਵੇ ਖੇਤੀਬਾੜੀ ਕਾਨੂੰਨ : ਐਸ.ਐਸ. ਜੌਹਲ
ਚੰਡੀਗੜ੍ਹ, 6 ਦਸੰਬਰ (ਜੀ.ਸੀ. ਭਾਰਦਵਾਜ) : ਪਿਛਲੇ 3 ਮਹੀਨੇ ਤੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਅੰਦੋਲਨ ਅਤੇ ਦੋ ਹਫ਼ਤੇ ਤੋਂ ਸਰਕਾਰ ਤੇ ਕਿਸਾਨ ਯੂਨੀਅਨਾਂ ਦੀ ਨਾ ਸਿਰੇ ਚੜ੍ਹ ਰਹੀ ਗੱਲਬਾਤ ਤੋਂ ਪੈਦਾ ਹੋਏ ਮਾਹੌਲ ਤੋਂ ਪ੍ਰੇਸ਼ਾਨ ਤੇ ਦੁਖੀ ਹੋਏ ਉਘੇ ਖੇਤੀ ਵਿਗਿਆਨੀ ਤੇ ਮਾਹਰ, ਸਰਦਾਰਾ ਸਿੰਘ ਜੌਹਲ ਨੇ ਕਿਹਾ ਹੈ ਕਿ ਜੇ ਕਿਸਾਨ ਹੀ ਅਪਣਾ ਭਲਾ ਨਹੀਂ ਚਾਹੁੰਦੇ ਤਾਂ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਆਉਂਦੇ ਸੈਸ਼ਨ ਵਿਚ ਵਾਪਸ ਲੈ ਲਵੇ।
ਅੱਜ ਰੋਜ਼ਾਨਾ ਸਪੋਕਸਮੈਨ ਨਾਲ ਫ਼ੋਨ 'ਤੇ ਲੁਧਿਆਣਾ ਤੋਂ ਗੱਲਬਾਤ ਕਰਦਿਆਂ 93 ਸਾਲਾ ਉਘੇ ਅਤੇ ਦੋ ਯੂਨੀਵਰਸਟੀਆਂ ਦੇ ਸਾਬਕਾ ਵਾਈਸ ਚਾਂਸਲਰ ਅਤੇ ਕੇਂਦਰੀ ਬਠਿੰਡਾ ਯੂਨੀਵਰਸਟੀ ਦੇ ਵੀ.ਸੀ. ਜੌਹਲ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਚ ਮਾੜਾ ਕੁੱਝ ਨਹੀਂ ਪਰ ਇਸ ਵੇਲੇ ਕੁੱਝ ਅਜੀਬ ਅਨਸਰ ਅੰਦੋਲਨ ਨੂੰ ਹਵਾ ਦੇਣ ਲੱਗ ਪਏ ਹਨ ਅਤੇ ਅੜੀਅਲ ਰਵਈਏ ਕਾਰਨ ਮਾਹੌਲ ਨੂੰ ਹੋਰ ਖ਼ਰਾਬ ਹੋਣ ਅਤੇ ਪੰਜਾਬ ਦੇ ਅਕਸ ਨੂੰ ਕਿਸੇ ਕਿਸਮ ਦਾ ਧੱਬਾ ਲੱਗਣ ਤੋਂ ਬਚਾਉਣ ਲਈ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਇਕ ਰਸਤਾ ਹੈ।
ਸਰਦਾਰਾ ਸਿੰਘ ਜੌਹਲ, ਜੋ ਪਹਿਲਾਂ ਤੋਂ ਹੀ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਕਿਸਾਨੀ ਦੇ ਹਿੱਤ ਵਿਚ ਕਹਿੰਦੇ ਆਏ ਹਨ, ਨੇ ਦੁੱਖ ਪ੍ਰਗਟ ਕੀਤਾ ਕਿ ਦੋਵੇਂ ਪਾਸਿਉਂ ਪੈਦਾ ਕੀਤੇ ਮਾਹੌਲ ਤੋਂ ਪੰਜਾਬ ਦੀ ਇੰਡਸਟਰੀ ਅਤੇ ਹੋਰ ਅਦਾਰਿਆਂ ਦਾ 60-70 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁਕਾ ਹੈ ਅਤੇ ਭਵਿੱਖ ਵਿਚ ਵੀ ਇਸ ਸਰਹੱਦੀ ਸੂਬੇ ਵਿਚ ਪੂੰਜੀ ਨਿਵੇਸ਼ ਰੁਕ ਜਾਵੇਗਾ। ਕੋਈ ਵੱਡੀ ਕੰਪਨੀ ਜਾਂ ਵਪਾਰੀ ਇਥੇ ਨਹੀਂ ਆਵੇਗਾ ਅਤੇ ਦੂਜੇ ਰਾਜ ਪਹਿਲਾਂ ਹੀ ਫ਼ਾਇਦਾ ਲੈ ਰਹੇ ਹਨ ਤੇ ਹੋਰ ਅੱਗੇ ਨਿਕਲ ਜਾਣਗੇ।
ਜੌਹਲ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਨਵੇਂ ਤਕਨੀਕੀ ਯੁੱਗ ਸਮੇਂ ਅਤੇ ਭਾਰਤ ਦੀ ਅਰਥ-ਵਿਵਸਥਾ ਅਤੇ ਵਿਸ਼ੇਸ਼
ਕਰ ਕੇ ਪੰਜਾਬ ਦੀ ਖੇਤੀ ਤੋਂ ਸਾਲਾਨਾ 65 ਹਜ਼ਾਰ ਕਰੋੜ ਦੀ ਫ਼ਸਲ ਵਾਸਤੇ ਹੁੰਦੀ ਖ਼ਰੀਦ-ਵਿਕਰੀ ਨੂੰ ਹੋਰ ਨਵਿਆਉਣ ਲਈ, ਕੇਂਦਰ ਸਰਕਾਰ ਇਹ ਕਾਨੂੰਨ ਲਿਆਈ ਸੀ ਪਰ ਕਿਸਾਨ ਗ਼ਲਤ ਪਾਸੇ ਚੱਲ ਪਏ ਅਤੇ ਭਵਿੱਖ ਵਿਚ ਪਛਤਾਵਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਕਲ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਨਾਲ ਵਿਗਿਆਨ ਭਵਨ ਵਿਚ ਹੋਈ ਮੀਟਿੰਗ ਦੌਰਾਨ ਸਿਰਫ਼ ਤਿੰਨ ਕਾਨੂੰਨਾਂ ਦੇ ਰੱਦ ਕਰਨ ਨੂੰ ਹੀ ਤਰਜੀਹ ਦਿਤੀ ਸੀ ਤੇ ਸਰਕਾਰ ਨੂੰ 'ਹਾਂ ਜਾਂ ਨਾਂਹ' ਕਰਨ ਲਈ ਅੜ ਗਏ ਸਨ। ਹੁਣ 9 ਦਸੰਬਰ ਨੂੰ ਫਿਰ ਅਗਲੀ ਬੈਠਕ ਹੋ ਰਹੀ ਹੈ ਜਦਕਿ ਪਰਸੋਂ ਮੰਗਲਵਾਰ ਨੂੰ 'ਭਾਰਤ ਬੰਦ' ਦਾ ਸੱਦਾ ਦਿਤਾ ਹੈ।