
8 ਦੇ ਭਾਰਤ ਬੰਦ ਲਈ ਦਿੱਲੀ ਦੇ ਬਾਰਡਰਾਂ 'ਤੇ ਬਣੀ ਰਣਨੀਤੀ
ਸਵੇਰ ਤੋਂ ਲੈ ਕੇ 3 ਵਜੇ ਤਕ ਰਹੇਗਾ ਮੁਕੰਮਲ ਬੰਦ, ਨਹੀਂ ਹੋਵੇਗੀ ਦੁੱਧ, ਸਬਜ਼ੀਆਂ ਆਦਿ ਦੀ ਸਪਲਾਈ
ਚੰਡੀਗੜ੍ਹ, 6 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਨਵੇਂ ਕਿਸਾਨ ਕਾਨੂੰਨ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ ਦਾ ਐਤਵਾਰ ਨੂੰ 11ਵਾਂ ਦਿਨ ਹੈ। ਨਵੀਂ ਰਣਨੀਤੀ ਨੂੰ ਲੈ ਕੇ ਕਿਸਾਨ ਸੰਗਠਨਾਂ ਵਿਚਕਾਰ ਅਹਿਮ ਬੈਠਕ ਹੋਈ। ਖੇਤੀ ਕਾਨੂੰਨਾਂ ਦੇ ਖ਼ਿਲਾਫ ਐਲਾਨੇ ਗਏ ਭਾਰਤ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੂਰੀ ਰਣਨੀਤੀ ਉਲੀਕ ਲਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਆਗੂਆਂ ਵਲੋਂ ਅੱਜ ਦਿੱਲੀ 'ਚ ਪ੍ਰੈੱਸ ਕਾਨਫ਼ਰੰਸ ਕਰ ਇਸ ਦੀ ਜਾਣਕਾਰੀ ਦਿਤੀ ਗਈ। ਕਿਸਾਨ ਨੇਤਾ ਯੋਗਿੰਦਰ ਯਾਦਵ ਨੇ ਦਸਿਆ ਕਿ ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਤੋਂ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਦਸਿਆ ਕਿ 8 ਦਸੰਬਰ ਦੀ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤਕ ਕਿਸਾਨਾਂ ਵਲੋਂ ਪੂਰੇ ਦੇਸ਼ 'ਚ ਚੱਕਾ ਜਾਮ ਕੀਤਾ ਜਾਵੇਗਾ। ਯਾਦਵ ਮੁਤਾਬਕ ਇਸ ਦਿਨ ਕਿਸੇ ਵੀ ਜ਼ਰੂਰੀ ਵਸਤੂ ਦੀ ਸਪਲਾਈ ਨਹੀਂ ਹੋਵੇਗੀ। ਸਬਜ਼ੀ ਦੀਆਂ ਮੰਡੀਆਂ ਬੰਦ ਰਹਿਣਗੀਆਂ ਅਤੇ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ। ਇਸ 'ਚ ਅੱਗੇ ਦੀਆਂ ਯੋਜਨਾਵਾਂ 'ਤੇ ਚਰਚਾ ਹੋਈ। ਕਿਸਾਨ ਆਗੂਆਂ ਨੇ ਇਸ ਵੇਲੇ ਪੂਰੇ ਦੇਸ਼ ਦੇ ਕਿਸਾਨਾਂ ਤੇ ਸਮਰਥਨ 'ਚ ਉਤਰੀ ਜਨਤਾ ਨੂੰ ਅਪੀਲ ਕੀਤੀ ਕਿ ਬੰਦ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ ਤੇ ਜੇਕਰ ਕਿਸੇ ਪ੍ਰਕਾਰ ਦੀ ਹਿੰਸਾ ਹੋਈ ਤਾਂ ਸਰਕਾਰ ਨੂੰ ਕਹਿਣ ਦਾ ਮੌਕਾ ਮਿਲ ਜਾਵੇਗਾ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਤੇ ਤੇਲੰਗਾਨਾ ਰਾਸ਼ਟਰੀ ਕਮੇਟੀ ਤੋਂ ਬਾਅਦ ਕਾਂਗਰਸ ਦੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ
ਹੈ। ਕਾਂਗਰਸ ਬੁਲਾਰਾ ਪਵਨ ਖੇੜਾ ਨੇ ਕਿਹਾ ਕਿ ਕਾਂਗਰਸ ਨੇ 8 ਦਸੰਬਰ ਨੂੰ 'ਭਾਰਤ ਬੰਦ' ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ।
ਅਸੀਂ ਆਪਣੀ ਪਾਰਟੀ ਦਫ਼ਤਰਾਂ 'ਤੇ ਪ੍ਰਦਰਸ਼ਨ ਦਾ ਸਹਿਯੋਗ ਕਰਾਂਗੇ। ਇਸ ਤੋਂ ਇਲਾਵਾ 'ਆਪ' ਤੇ ਅਕਾਲੀ ਦਲ ਨੇ ਵੀ ਭਾਰਤ ਬੰਦ ਦੇ ਸਮਰਥਨ ਦਾ ਐਲਾਨ ਕਰ ਦਿਤਾ ਹੈ। ਆਪ ਦੇ ਆਗੂਆਂ ਨੇ ਤਾਂ ਇਥੋਂ ਤਕ ਐਲਾਨ ਕਰ ਦਿਤਾ ਕਿ ਪਾਰਟੀ ਦੇ ਨਿਸ਼ਾਨ ਨੂੰ ਛੱਡ ਕੇ ਆਪ ਦੇ ਸਾਰੇ ਆਗੂ ਤੇ ਵਰਕਰ ਕਿਸਾਨਾਂ ਨਾਲ ਬੰਦ ਨੂੰ ਸਫ਼ਲ ਬਣਾਉਣ ਵਾਲੇ ਅੰਦੋਲਨ 'ਚ ਸ਼ਾਮਲ ਹੋਣਗੇ। ਉਧਰ
ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀਆਰਐੱਸ ਚੀਫ਼ ਕੇ.ਚੰਦਰਸ਼ੇਖਰ ਰਾਉ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ 8 ਦਸੰਬਰ ਨੂੰ ਹੋਣ ਵਾਲੇ ਭਾਰਤ ਬੰਦ ਕਿਸਾਨਾਂ ਨੂੰ ਪੂਰਾ ਸਮਰਥਨ ਕਰੇਗੀ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਕਦਮ 'ਤੇ ਕਿਸਾਨਾਂ ਦੇ ਨਾਲ ਹੈ।
ਇਸੇ ਦੌਰਾਨ ਹਰਿਆਣਾ ਪਟਰੌਲ ਪੰਪ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਸ ਦਾ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਹੈ ਤੇ 8 ਦਸੰਬਰ ਨੂੰ ਹਰਿਆਣਾ ਦੇ ਸਾਰੇ ਪੈਟਰੌਲ ਪੰਪ ਬੰਦ ਰਹਿਣਗੇ। ਇਸ ਤਰ੍ਹਾਂ ਹਰਿਆਣਾ ਦੀ ਕਈ ਹੋਰ ਯੂਨੀਅਨਾਂ ਵੀ ਕਿਸਾਨਾਂ ਦੇ ਹੱਕ 'ਚ ਨਿੱਤਰ ਰਹੀਆਂ ਹਨ।
ਉਧਰ ਖ਼ਬਰਾਂ ਮਿਲ ਰਹੀਆਂ ਹਨ ਕਿ ਜੇਕਰ 9 ਦਸੰਬਰ ਨੂੰ ਵੀ ਕਿਸਾਨ ਅਤੇ ਕੇਂਦਰ ਵਿਚਾਲੇ ਗੱਲਬਾਤ ਫ਼ੇਲ ਰਹਿੰਦੀ ਹੈ ਤਾਂ ਕਿਸਾਨਾਂ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਘੇਰਾਬੰਦੀ ਕਰਨ ਦਾ ਮਨ ਬਣਾ ਲਿਆ ਹੈ। ਦਿੱਲੀ ਨੂੰ ਵੱਡੇ ਸੰਕਟ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨਾਂ ਵਲੋਂ ਦਿੱਲੀ ਨੂੰ ਦੇਸ਼ ਨਾਲ ਜੋੜਨ ਵਾਲੀਆਂ ਸਾਰੀਆਂ ਸਰਹੱਦਾਂ ਦੀ ਨਾਕੇਬੰਦੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਦੀ ਵੱਡੀ ਆਬਾਦੀ ਨੂੰ ਰੋਜ਼ਾਨਾ ਦੁੱਧ, ਸਬਜ਼ੀਆਂ, ਫਲ ਅਤੇ ਹੋਰ ਸਮਾਨਾਂ ਦੀ ਸਪਲਾਈ ਯੂ. ਪੀ, ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਤੋਂ ਹੁੰਦੀ ਹੈ। ਜੇਕਰ ਕਿਸਾਨ ਦਿੱਲੀ ਦੇ ਸਾਰੇ ਐਂਟਰੀ ਪੁਆਇੰਟ ਬੰਦ ਕਰਨ 'ਚ ਸਫ਼ਲ ਰਹੇ ਤਾਂ ਦਿੱਲੀ 'ਚ ਭਾਰੀ ਮੁਸ਼ਕਲ ਪੈਦਾ ਹੋ ਸਕਦੀ ਹੈ। ਗਾਜ਼ੀਪੁਰ ਬਾਰਡਰ ਅਤੇ ਦਿੱਲੀ-ਨੋਇਡਾ ਬਾਰਡਰ ਨੂੰ ਬੰਦ ਕਰ ਦਿਤਾ ਜਾਵੇਗਾ।
ਇਥੇ ਅੰਦੋਲਨ ਦੌਰਾਨ ਕਈ ਦਿਲਚਸਪ ਤਸਵੀਰਾਂ ਦੇਖਣ ਨੂੰ ਮਿਲੀ ਰਹੀਆਂ ਹਨ। ਦਿੱਲੀ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਜਿਥੇ ਵੱਖ-ਵੱਖ ਰਾਜਾਂ 'ਚੋਂ ਕਿਸਾਨ ਆ ਰਹੇ ਹਨ ਉਥੇ ਹੀ ਵੱਖ-ਵੱਖ ਧਰਮਾਂ ਤੇ ਫ਼ਿਰਕਿਆਂ ਦੇ ਲੋਕ ਵੀ ਕਿਸਾਨਾਂ ਨੂੰ ਸਮਰਥਨ ਦੇਣ ਵਾਸਤੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ ਕਿਉਂਕਿ ਉਹ ਅੰਨਦਾਤਾ ਹੈ ਤੇ ਦਾਤ ਦੇਣ ਵਾਲੇ ਦਾ ਮਜ੍ਹਬ ਨਹੀਂ ਦੇਖਿਆ ਜਾਂਦਾ।
ਧਰਨੇ 'ਤੇ ਬੈਠੇ ਨੌਜਵਾਨ ਡਾਂਗਾਂ ਲੈ ਕੇ ਪਹਿਰਾ ਦੇਣ ਲੱਗੇ
ਇਸੇ ਤਰ੍ਹਾਂ ਧਰਨੇ 'ਤੇ ਬੈਠੇ ਨੌਜਵਾਨ ਜਿਥੇ ਦਿਨ ਰਾਤ ਅੰਦੋਲਨ ਨੂੰ ਬਦਨਾਮ ਹੋਣ ਤੋਂ ਬਚਾਉਣ ਲਈ ਡਾਂਗਾਂ ਲੈ ਕੇ ਪਹਿਰਾ ਦੇ ਰਹੇ ਹਨ ਉਥੇ ਹੀ ਸਮਾਜ ਸੇਵਾ ਵੀ ਕਰ ਰਹੇ ਹਨ। ਇਥੇ ਰਾਤ ਸਮੇਂ ਜਦੋਂ ਕੁੱਝ ਨੌਜਵਾਨ ਪਹਿਰਾ ਦੇ ਰਹੇ ਸਨ ਤਾਂ ਉਸ ਵੇਲੇ ਨੇੜਲੇ ਘਰ 'ਚ ਕਿਸੇ ਔਰਤ ਨੂੰ ਜੰਮਣ ਪੀੜਾਂ ਸ਼ੁਰੂ ਹੋ ਗਈਆਂ। ਉਨ੍ਹਾਂ ਦੇ ਪਰਵਾਰ ਨੇ ਐਂਬੂਲੈਂਸਾਂ ਤੇ ਪੁਲਿਸ ਨੂੰ ਬੜੇ ਫ਼ੋਨ ਕੀਤੇ ਪਰ ਕੋਈ ਨਾ ਬਹੁੜਿਆ। ਅਖ਼ੀਰ ਧਰਨੇ 'ਚ ਪਹਿਰਾ ਦੇ ਰਹੇ ਨੌਜਵਾਨਾਂ ਨੇ ਉਸ ਬੀਬੀ ਨੂੰ ਹਸਪਤਾਲ ਪਹੁੰਚਾਇਆ ਤੇ ਉਨ੍ਹਾਂ ਲੋਕਾਂ ਨੂੰ ਜਵਾਬ ਦਿਤਾ ਜਿਹੜੇ ਧਰਨੇ 'ਤੇ ਬੈਠੇ ਲੋਕਾਂ ਨੂੰ ਅਤਿਵਾਦੀ ਕਹਿੰਦੇ ਹਨ।
ਡੱਬੀ
ਹਰਿਆਣਾ ਦੇ ਮੰਤਰੀ ਨੇ ਨਫ਼ਰਤ ਦੇ ਬੀਜ ਬੀਜਣ ਦੀ ਕੀਤੀ ਕੋਸ਼ਿਸ਼
ਗੁਰੂਗ੍ਰਾਮ : ਜਦੋਂ ਖੇਤੀਬਾੜੀ ਕਾਨੂੰਨਾਂ ਵਿਰੁਧ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਇਸੇ ਦੌਰਾਨ ਹਰਿਆਣਾ ਦੇ ਇਕ ਮੰਤਰੀ ਨੇ ਦੋਹਾਂ ਭਰਾਵਾਂ ਅੰਦਰ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ ਐਸ. ਆਈ. ਐਲ. ਦਾ ਪਾਣੀ ਮਿਲੇ। ਖਾਪ ਪੰਚਾਇਤ ਅਤੇ ਪਾਰਟੀ ਦੇ ਆਗੂ ਇਸ ਮੁੱਦੇ ਦਾ ਹੱਲ ਕੱਢਣ। ਉਨ੍ਹਾਂ ਕਿਹਾ ਕਿ ਇਕ ਕਿਸਾਨ ਹੋਣ ਦੇ ਨਾਤੇ ਐਸ. ਵਾਈ. ਐਲ. ਮੇਰੀ ਮੰਗ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਫਿਰ ਮੈਂ ਮੰਤਰੀ, ਮੈਂ ਵੀ ਕਿਸਾਨਾਂ ਨਾਲ ਹਾਂ। ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਲਈ ਸਿੰਚਾਈ ਲਈ ਪਾਣੀ ਚਾਹੀਦਾ ਹੈ, ਪਾਣੀ ਨਹੀਂ ਹੋਵੇਗਾ ਤਾਂ ਫ਼ਸਲ ਕਿਵੇਂ ਹੋਵੇਗੀ।
ਜ਼ਿਕਰਯੋਗ ਹੈ ਕਿ ਦਲਾਲ ਦਾ ਬੀਤੇ ਦਿਨ ਖਾਪ ਪੰਚਾਇਤਾਂ ਨੇ ਸਮਾਜਿਕ ਬਾਈਕਾਟ ਕਰ ਦਿਤਾ ਸੀ ਜਿਸ ਤੋਂ ਬਾਅਦ ਮੰਤਰੀ ਦੇ ਸੁਰ ਤਾਂ ਬਦਲ ਗਏ ਪਰ ਅੰਦੋਲਨ ਨੂੰ ਅਸਫ਼ਲ ਕਰਵਾਉਣ ਵਾਲੀ ਨੀਅਤ ਨਹੀਂ ਬਦਲੀ। ਮੰਤਰੀ ਨੂੰ ਲਗਦਾ ਹੈ ਕਿ ਦਿੱਲੀ ਘੇਰੀ ਬੈਠੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਸ ਵਿਚ ਲੜ ਪੈਣਗੇ ਤੇ ਅੰਦੋਲਨ ਫ਼ੇਲ ਹੋ ਜਾਵੇਗਾ ਪਰ ਕਿਸਾਨ ਹੁਣ ਸਿਆਣੇ ਹੋ ਗਏ ਹਨ।