
ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਨੌਜਵਾਨ ਚੜ੍ਹਿਆ ਬਰਾਤ
ਰਾਜਪੁਰਾ, 6 ਦਸੰਬਰ (ਗੁਰਸ਼ਰਨ ਵਿੱਰਕ): ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਘਨੌਰ ਨੇੜਲੇ ਪਿੰਡ ਚਮਾਰੂ ਦਾ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਲਹਿਰਾ ਕੇ ਅਪਣੀ ਬਰਾਤ ਲੈ ਕੇ ਗਿਆ। ਦਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਸਮੁੱਚੇ ਪੰਜਾਬ ਵਿਚੋਂ ਕਿਸਾਨ ਦਿੱਲੀ ਵਿਖੇ ਧਰਨਾ ਲਗਾਈ ਬੈਠੇ ਹਨ।
ਇਨ੍ਹਾਂ ਧਰਨਿਆਂ ਵਿਚ ਹੀ ਕਿਸਾਨਾਂ ਨੇ ਦੀਵਾਲੀ, ਦੁਸਹਿਰਾ, ਵਰਗੇ ਸਾਰੇ ਤਿਉਹਾਰ ਮਨਾਏ। ਹੁਣ ਇਸ ਦਾ ਅਸਰ ਵਿਆਹਾਂ ਉਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।
ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਚਮਾਰੂ ਦੇ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਹੇਠ ਮਹਿਦਰ ਸਿੰਘ ਦੇ ਲੜਕੇ ਦੀ ਜੰਨ ਵੀ ਇਸ ਮਹੋਲ ਵਿਚ ਚੜੀ। ਵਿਆਹ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇਥੇ ਕੋਈ ਕਿਸਾਨ ਪ੍ਰਦਰਸ਼ਨ ਹੋ ਰਿਹਾ ਹੈ। ਵਿਆਹ ਵਾਲੇ ਘਰ ਲਾੜੇ ਦੇ ਪਿਤਾ, ਮਾਂ, ਭੈਣ ਅਤੇ ਬਰਾਤੀਆਂ ਨੇ ਹੱਥਾਂ ਵਿਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਢੋਲ-ਢਮੱਕਾ ਵੀ ਖ਼ੂਬ ਵੱਜ ਰਿਹਾ ਸੀ।
ਪਰਵਾਰ ਵਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥਾਂ ਵਿਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੜੇ। ਬਰਾਤ ਰਵਾਨਾ ਹੋਣ ਮੌਕੇ 'ਕਿਸਾਨ ਏਕਤਾ ਜ਼ਿੰਦਾਬਾਦ' ਅਤੇ 'ਮੋਦੀ ਸਰਕਾਰ ਮੁਰਦਾਬਾਦ' ਦੇ ਨਾਹਰੇ ਲੱਗੇ। ਇਸ ਮੌਕੇ ਵਿਆਹ ਵਿਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਇਹ ਸੱਭ ਅਨੌਖਾ ਲੱਗ ਰਿਹਾ ਹੋਵੇ ਪਰ ਉਹ ਅਪਣੀ ਖ਼ੁਸ਼ੀ ਦੇ ਪਲਾਂ ਮੌਕੇ ਵੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ ਵਿਚ ਸ਼ਾਮਲ ਹੋ ਰਹੇ ਹਨ। ਲਾੜੇ ਨੇ ਕਿਹਾ ਕਿ ਉਸ ਦੀਆਂ ਖ਼ੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਤ ਹਨ ।
ਇਸ ਮੋਕੇ ਗੁਰਮੀਤ ਸਿੰਘ, ਸ:ਮਹਿੰਦਰ ਸਿੰਘ ਪ੍ਰਧਾਨ ਮਨਦੀਪ ਸਿੰਘ, ਗੁਰਜੀਤ ਸਿੰਘ, ਸੋਹਲਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਸਤਿੰਦਰ ਸਿੰਘ, ਅਮਨਪ੍ਰੀਤ ਸਿੰਘ, ਗੁਰਧਿਆਨ ਸਿੰਘ, ਇੰਦਰਜੀਤ ਸਿੰਘ, ਜੱਗੀ.ਲਾਡੀ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।
ਫੋਟੋ ਨੰ: 6 ਪੀਏਟੀ 11