
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਰਤਾਰਪੁਰ ਪਹੁੰਚੇ, ਜਿੱਥੇ ਉਹਨਾਂ ਨੇ ਔਰਤਾਂ ਨਾਲ ਗੱਲਬਾਤ ਕੀਤੀ।
ਕਰਤਾਰਪੁਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਰਤਾਰਪੁਰ ਪਹੁੰਚੇ, ਜਿੱਥੇ ਉਹਨਾਂ ਨੇ ਔਰਤਾਂ ਨਾਲ ਗੱਲਬਾਤ ਕੀਤੀ। ਔਰਤਾਂ ਲਈ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣਗੇ। ਇਸ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
Arvind Kejriwal
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਘਰ-ਘਰ ਜਾ ਕੇ ਫਾਰਮ ਭਰੇ ਜਾਣਗੇ। ਇਸ ਦੌਰਾਨ ਕੇਜਰੀਵਾਲ ਨੇ ਇਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੈਂ ਐਲਾਨ ਕੀਤਾ ਹੈ ਕਿ ਅਸੀਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਵਾਂਗੇ। ਇਸ ਤੋਂ ਬਾਅਦ ਚੰਨੀ ਸਾਬ੍ਹ ਨੇ ਕਿਹਾ ਕਿ 1000 ਰੁਪਏ ਨਾਲ ਔਰਤਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ ਹੈ।
CM Channi
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਨੂੰ ਲੈ ਕੇ ਮੇਰੀ ਨੀਅਤ ਬਿਲਕੁਲ ਸਾਫ ਹੈ। ਇਹ ਕੇਜਰੀਵਾਲ ਦੀ ਗਰੰਟੀ ਹੈ ਕੈਪਟਨ ਦਾ ਰੁਜ਼ਗਾਰ ਕਾਰਡ ਨਹੀਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕੇਗੀ। ਪੰਜਾਬ ਵਿਚ ਰੇਤ ਚੋਰੀ ਦਾ ਪੈਸਾ ਹੁਣ ਸਿਆਸਤਦਾਨਾਂ ਦੀਆਂ ਜੇਬਾਂ ਵਿਚ ਨਹੀਂ ਸਗੋਂ ਔਰਤਾਂ ਦੀਆਂ ਜੇਬਾਂ ਵਿਚ ਜਾਵੇਗਾ। ਇਸ ਲਈ ਹੀ ਪੰਜਾਬ ਦੇ ਸਾਰੇ ਲੀਡਰ ਮੈਨੂੰ ਗਾਲ੍ਹਾਂ ਕੱਢ ਰਹੇ ਹਨ।