
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਹਰ ਫ਼ਰੰਟ ਉੱਪਰ ਫੇਲ ਕਰਾਰ ਦਿੰਦਿਆਂ.......
ਬਟਾਲਾ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਹਰ ਫ਼ਰੰਟ ਉੱਪਰ ਫੇਲ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ 'ਅੱਛੇ ਦਿਨਾਂ' ਦੇ ਸੁਪਨੇ ਦਿਖਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 'ਅੱਛੇ ਦਿਨ' ਤਾਂ ਕੀ ਲਿਆਉਣੇ ਸੀ ਸਗੋਂ ਲੋਕਾਂ ਨੇ ਪੰਜ ਸਾਲ ਹਰ ਦਿਨ ਨੂੰ ਬੁਰੇ ਦਿਨ ਵਜੋਂ ਭੋਗਿਆ ਹੈ। ਸ. ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਨੇ ਪੰਜ ਸਾਲ ਦੇਸ਼ ਭਰ ਵਿਚ ਸਿਵਾਏ ਫ਼ਿਰਕੂਵਾਦ ਨੂੰ ਹਵਾ ਦੇਣ ਦੇ ਹੋਰ ਕੁਝ ਨਹੀਂ ਕੀਤਾ ਅਤੇ ਇਸ ਸਮੇਂ ਪੂਰੀ ਦੁਨੀਆਂ ਵਿਚ ਦੇਸ਼ ਦਾ ਮਜਾਕ ਉਡਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਤੋਂ ਬਾਅਦ ਇਕ ਗ਼ਲਤ ਫ਼ੈਸਲੇ ਕਰਕੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਰਨ ਦੇ ਕਾਰਨ ਅਤੇ ਇਸ ਨਾਲ ਹੋਏ ਫ਼ਾਇਦੇ ਅੱਜ ਤਕ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਦੱਸ ਨਹੀਂ ਸਕੀ ਹੈ। ਇਸ ਤੋਂ ਬਾਅਦ ਜੀ.ਐਸ.ਟੀ. ਦੇ ਰੂਪ ਵਿਚ 'ਗੱਬਰ ਸਿੰਘ ਟੈਕਸ' ਲਗਾ ਕੇ ਪੂਰੇ ਦੇਸ਼ ਅੰਦਰ ਵਿਉਪਾਰ ਦਾ ਭੱਠਾ ਬਿਠਾ ਦਿਤਾ ਹੈ। ਉਨ੍ਹਾਂ ਕਿਹਾ ਕਿ ਰਾਫ਼ੇਲ ਸੌਦੇ ਵਿਚ ਵੀ ਮੋਦੀ ਸਰਕਾਰ ਨੇ ਜੋ ਦੇਸ਼ ਨਾਲ ਧੋਖਾ ਕੀਤਾ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ।
ਸ. ਬਾਜਵਾ ਨੇ ਕਿਹਾ ਕਿ ਮੋਦੀ ਰਾਜ ਵਿਚ ਦੇਸ਼ ਆਰਥਕ ਤੌਰ ਉੱਪਰ ਵੀ ਬੇਹੱਦ ਕਮਜ਼ੋਰ ਹੋਇਆ ਹੈ ਅਤੇ ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਰਿਕਾਰਡ ਨੀਵੇਂ ਪੱਧਰ 'ਤੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਦੇ ਫ਼ਿਰਕੂ ਸ਼ਾਸਨ ਤੋਂ ਬੇਹੱਦ ਅੱਕੇ ਪਏ ਹਨ ਅਤੇ ਦੇਸ਼ ਵਾਸੀ ਅਗਾਮੀ ਲੋਕ ਸਭਾ ਚੋਣਾ ਵਿਚ ਮੋਦੀ ਦਾ ਤਖ਼ਤਾ ਪਲਟ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਕੇਂਦਰ ਵਿਚ ਅਪਣੀ ਸਰਕਾਰ ਬਣਾਵੇਗੀ।