
ਹੁਣ 'ਕੈਸ਼ ਫ਼ਾਰ ਪਾਸਪੋਰਟ' ਦੇ 'ਉਦਯੋਗ' ਉਤੇ ਹੈ ਸਰਕਾਰ ਦੀ ਤਿੱਖੀ ਨਜ਼ਰ
ਕੈਨੇਡਾ ਦੀ ਨਾਗਰਿਕਤਾ ਲੈਣ ਤੋਂ ਬਾਅਦ 100 ਤੋਂ ਵੱਧ ਦੇਸ਼ਾਂ ਵਿਚ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ
ਲੁਧਿਆਣਾ, 8 ਫ਼ਰਵਰੀ : ਖ਼ਬਰ ਕੈਨੇਡਾ ਨਾਲ ਜੁੜੀ ਹੋਈ ਹੈ ਜਿਥੇ ਜਾਣ ਜਾਂ ਜਿਥੇ ਦੀ ਨਾਗਰਿਕਤਾ ਲੈਣ ਲਈ ਕਾਫ਼ੀ ਲੋਕ ਪਾਗਲ ਦਿਖਾਈ ਦਿੰਦੇ ਹਨ ਪਰ ਜਿਹੜੇ ਲੋਕ ਕਿਸੇ ਵੀ ਹਾਲ ਵਿਚ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਉਤਾਵਲੇ ਹਨ ਜਾਂ ਕੁੱਝ ਕਥਿਤ ਏਜੰਟਾਂ ਵਲੋਂ 'ਜੁਗਾੜ' ਲਾ ਕੇ ਕੈਨੇਡਾ ਦੀ ਨਾਗਰਿਕਤਾ ਦਿਵਾਉਣ ਦਾ ਜੇਕਰ ਕਿਹਾ ਜਾ ਰਿਹਾ ਹੈ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲੈਣਾ, ਬਹੁਤ ਕੰਮ ਆਵੇਗੀ | ਭਰੋਸੇਯੋਗ ਵਸੀਲਿਆਂ ਅਤੇ ਕੁੱਝ ਮੀਡੀਆ ਰਿਪੋਰਟਾਂ ਤੋਂ ਪਤਾ ਲਗਿਆ ਹੈ ਕਿ ਕੈਨੇਡਾ ਵਿਚ ਪੈਸਾ ਖ਼ਰਚ ਕਰ ਕੇ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ਵਿਚ ਕੈਨੇਡਾ ਨੂੰ ਰਾਸ਼ਟਰੀ ਸੁਰੱਖਿਆ ਸਬੰਧੀ ਖ਼ਤਰਾ ਦਰਪੇਸ਼ ਹੋ ਸਕਦਾ ਹੈ, ਇਸ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ |
'ਕੈਸ਼ ਫ਼ਾਰ ਪਾਸਪੋਰਟ' ਭਾਵ ਪੈਸੇ ਦੇ ਕੇ ਕਿਸੇ ਦੇਸ਼ ਦਾ ਪਾਸਪੋਰਟ (ਨਾਗਰਿਕਤਾ) ਹਾਸਲ ਕਰਵਾਉਣ ਵਿਚ ਲੱਗੇ ਲੋਕ ਹੁਣ ਇਸ ਨੂੰ ਉਦਯੋਗ ਦਾ ਰੂਪ ਦੇ ਰਹੇ ਹਨ ਅਤੇ ਇਸ ਉਦਯੋਗ ਦੇ ਅੰਦਰੂਨੀ ਸਰੋਤਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਈ ਹਿੱਸਿਆਂ ਵਿਚ ਇਹ ਧੰਦਾ ਹੁਣ ਗੋਰਖ-ਧੰਦਾ ਬਣ ਚੁਕਿਆ ਹੈ | ਚੀਨ, ਰੂਸ, ਮੱਧ ਏਸ਼ੀਆ ਦੇ ਦੇਸ਼ਾਂ ਦੇ 'ਅਮੀਰ ਵਿਅਕਤੀਆਂ' ਨਾਲ ਕੈਨੇਡਾ ਵਿਚ ਬੈਠੇ ਇਹ 'ਏਜੰਟ' ਸੰਪਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਇੱਥੋਂ ਦੇ 'ਇਨਵੈਸਟਮੈਂਟ ਪ੍ਰੋਗਰਾਮ' ਰਾਹੀਂ ਦਿਵਾਉਂਦੇ ਹਨ | ਬਦਲੇ ਵਿਚ ਲੱਖਾਂ ਡਾਲਰ ਦਾ ਕਮਿਸ਼ਨ ਲਿਆ ਜਾਂਦਾ ਹੈ ਅਤੇ ਇਹ ਕਮਿਸ਼ਨ ਕੈਨੇਡਾ ਦੇ ਧੰਦੇਬਾਜ਼ਾਂ ਦੇ ਹੱਥਾਂ ਵਿਚ ਜਾ ਰਿਹਾ ਦਸਿਆ ਜਾਂਦਾ ਹੈ | ਅੰਦਾਜ਼ਾ ਹੈ ਕਿ ਕੈਨੇਡਾ ਦੀ ਸਿਟੀਜ਼ਨ ਇਨਵੈਸਟਮੈਂਟ ਇਕ ਅਰਬ ਡਾਲਰ ਤੋਂ ਲੈ ਕੇ 10 ਅਰਬ ਡਾਲਰ ਤਕ ਹੋ ਸਕਦੀ ਹੈ | ਇਸ ਤਰ੍ਹਾਂ ਦੀ ਮਹਿੰਗੀ ਨਾਗਰਿਕਤਾ ਲੈਣ ਪਿੱਛੇ ਇਨ੍ਹਾਂ ਅਮੀਰਾਂ ਦਾ ਇਕ ਮਕਸਦ ਇਹ ਹੁੰਦਾ ਹੈ ਕਿ ਇਨ੍ਹਾਂ ਨੂੰ ਅਜਿਹਾ ਪਾਸਪੋਰਟ ਮਿਲ ਜਾਂਦਾ ਹੈ ਜਿਸ ਉਤੇ 100 ਤੋਂ ਵੱਧ ਦੇਸ਼ਾਂ ਵਿਚ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ | ਜੇ ਅਜਿਹਾ ਪਾਸਪੋਰਟ ਇਨ੍ਹਾਂ ਕੋਲ ਨਹੀਂ ਹੁੰਦਾ ਤਾਂ ਇਨ੍ਹਾਂ ਨੂੰ ਹਰ ਵਾਰੀ ਕਿਸੇ ਵੀ ਦੇਸ਼ ਵਿਚ ਜਾਣ ਲਈ ਲੰਮੇਰੀ ਕਾਨੂੰਨੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ, ਖ਼ਾਸ ਕਰ ਕੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਦੇ ਨਾਗਰਿਕਾਂ ਨੂੰ | ਉਨ੍ਹਾਂ ਨੂੰ ਵੀਜ਼ਾ ਹਾਸਲ ਕਰਨ ਲਈ ਦਰਖ਼ਾਸਤ ਦੇਣੀ ਪੈਂਦੀ ਹੈ |
ਇਸ ਗੋਰਖ-ਧੰਦੇ ਵਿਚ ਕੈਨੇਡੀਅਨ 'ਧੰਦੇਬਾਜ਼' ਸਿਰਫ਼ ਅਜਿਹੇ ਪ੍ਰੋਗਰਾਮ ਪ੍ਰੋਮੋਟ ਹੀ ਨਹੀਂ ਕਰਦੇ ਸਗੋਂ ਇਨ੍ਹਾਂ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰ ਕੇ ਉਨ੍ਹਾਂ ਦਾ ਸੰਚਾਲਨ ਵੀ ਕਰਦੇ ਹਨ, ਭਾਵ ਉਨ੍ਹਾਂ ਨੂੰ ਚਲਾਉਂਦੇ ਵੀ ਹਨ | ਐਂਟੀਗੁਆ ਅਤੇ ਬਰਬੂਡਾ ਦੇ ਪ੍ਰੋਗਰਾਮ ਡੌਨ ਮਾਇਐਟ ਨਾਮ ਦੇ ਵਿਅਕਤੀ ਵਲੋਂ ਬਣਾਏ ਗਏ ਸਨ | ਉਹ ਫ਼ੈਡਰਲ ਸਰਕਾਰ ਦਾ ਅਧਿਕਾਰੀ ਸੀ ਅਤੇ ਵਿਦੇਸ਼ਾਂ ਵਿਚ ਰਿਹਾਇਸ਼ ਅਤੇ ਨਾਗਰਿਕਤਾ ਦਵਾਉਣ ਦੀ ਯੋਜਨਾਬੰਦੀ ਕਰਨ ਵਾਲੀ ਫਰਮ ਹੈਨਲੀ ਐਂਡ ਪਾਰਟਨਰਜ਼ ਨਾਲ ਵੀ ਕੰਮ ਕਰਦਾ ਸੀ | ਇਹ ਫਰਮ ਇਨਵੈਸਟਮੈਂਟ ਪ੍ਰੋਗਰਾਮ ਰਾਹੀਂ ਦੂਸਰੇ ਦੇਸ਼ਾਂ ਦੀ ਨਾਗਰਿਕਤਾ ਲੈ ਕੇ ਦੇਣ ਦੇ ਖੇਤਰ ਵਿਚ ਮੋਹਰੀ ਕੰਪਨੀ ਮੰਨੀ ਜਾਂਦੀ ਹੈ | ਡੌਨ ਮਾਇਐਟ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪਹਿਲਾ ਮੈਨੇਜਰ ਬਣਿਆ ਸੀ | ਓਾਟੈਰੀਓ ਸਰਕਾਰ ਵਿਚ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮਹਿਕਮੇ ਦਾ ਡਿਪਟੀ ਮੰਤਰੀ ਰਹਿ ਚੁੱਕਿਆ (ਦੱਖਣ ਅਫ਼ਰੀਕੀ ਦੇਸ਼ ਜ਼ਾਂਬੀਆ ਮੂਲ ਦਾ) ਚਿਜ਼ੈਂਗਾ ਚੈਕਵੇ ਇਸ ਕੰਪਨੀ ਦੇ ਪ੍ਰੋਗਰਾਮ ਦਾ ਦੂਸਰਾ ਮੁਖੀ ਬਣਿਆ ਸੀ |
ਪਿਛਲੇ ਦੋ ਸਾਲ ਤੋਂ ਇਸ ਇੰਡਸਟਰੀ ਬਾਰੇ ਪੜ੍ਹਾਈ ਕਰਵਾਉਂਦੇ ਆ ਰਹੇ ਯੂਨੀਵਰਸਿਟੀ ਆਫ਼ ਲੰਡਨ ਦੇ ਪ੍ਰੋਫ਼ੈਸਰ ਕਿ੍ਸਟਨ ਸੁਰਕ ਦਾ ਕਹਿਣਾ ਹੈ ਕਿ ਇਸ ਇੰਡਸਟਰੀ ਵਿਚ ਕੈਨੇਡੀਅਨ ਲੋਕ ਚੋਖੀ ਕਮਾਈ ਕਰ ਰਹੇ ਹਨ | 'ਏਪੈਕਸ ਕੈਪੀਟਲ ਪਾਰਟਨਰਜ਼' ਨਾਮ ਦੀ ਕੰਪਨੀ ਦੇ ਸੰਸਥਾਪਕ ਅਤੇ ਇਸ ਇੰਡਸਟਰੀ ਦੇ ਸਿਖਰਲੇ ਖਿਡਾਰੀ ਮੰਨੇ ਜਾਂਦੇ ਨੂਰੀ ਕੁਟਜ਼ ਦਾ ਕਹਿਣਾ ਹੈ ਕਿ ਇਨਵੈਸਟਮੈਂਟ ਰਾਹੀਂ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਇਹ ਇੰਡਸਟਰੀ ਖ਼ੁਦ ਕੈਨੇਡਾ ਦੀ ਸਰਕਾਰ ਨੇ ਪੈਦਾ ਕੀਤੀ ਹੈ | ਫਿਰ ਮਗਰੋਂ ਆਉਣ ਵਾਲੀ ਹਰ ਸਰਕਾਰ ਨੇ ਇਸ ਨੂੰ ਲਾਹੇਵੰਦ ਧੰਦਾ ਮੰਨਿਆ ਅਤੇ ਇਸ ਨੂੰ ਜਾਰੀ ਰਖਿਆ ਹੈ | ਹਰ ਸਰਕਾਰ ਇਸ ਰਾਹੀਂ ਅਪਣੀ ਪ੍ਰਸਿੱਧੀ ਅਤੇ ਸਫ਼ਲਤਾ ਹਾਸਲ ਕਰਨਾ ਚਾਹੁੰਦੀ ਰਹੀ ਹੈ | ਉਹ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਇਸ ਇੰਡਸਟਰੀ ਦਾ ਕੈਨੇਡਾ ਤਾਂ ਪਿਤਾਮਾ ਹੈ! ਇਸ ਇੰਡਸਟਰੀ ਦੀਆਂ ਜੜ੍ਹਾਂ ਕੈਨੇਡਾ ਦੇ ਪਹਿਲੇ ਪ੍ਰੋਗਰਾਮ Tਫ਼ੈਡਰਲ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮU ਵਿਚ ਲੱਗ ਗਈਆਂ ਸਨ |
ਇਸ ਪ੍ਰੋਗਰਾਮ ਵਿਚ ਜਿਹੜਾ ਵਿਅਕਤੀ ਘੱਟੋ ਘੱਟ 16 ਲੱਖ ਡਾਲਰ ਦੀ ਸੰਪਤੀ ਦਾ ਮਾਲਕ ਹੁੰਦਾ ਸੀ ਅਤੇ ਉਸ ਵਿਚੋਂ ਘੱਟੋ ਘੱਟ 8 ਲੱਖ ਡਾਲਰ ਕੈਨੇਡਾ ਵਿਚ ਇਨਵੈਸਟ ਕਰਨ ਦੀ ਸਹਿਮimageਤੀ ਦਿੰਦਾ ਸੀ, ਉਸ ਨੂੰ ਕੈਨੇਡਾ ਦੀ ਪੀ.ਆਰ. ਜਾਂ ਸਥਾਈ ਰਿਹਾਇਸ਼ ਮਿਲ ਜਾਂਦੀ ਸੀ | ਮਗਰੋਂ ਨਾਗਰਿਕਤਾ ਤਾਂ ਫਿਰ ਵੱਟ ਉਤੇ ਹੀ ਹੁੰਦੀ ਸੀ | ਕੈਨੇਡਾ ਨੇ ਇਹ ਪ੍ਰੋਗਰਾਮ ਸਾਲ 2014 ਵਿਚ ਬੰਦ ਕਰ ਦਿਤਾ ਸੀ | ਉਸ ਸਮੇਂ ਤਕ ਇਸ 'ਇੰਡਸਟਰੀ' ਦੇ ਗੋਰਖ-ਧੰਦੇ ਵਿਚ ਲੋਕ ਮੁਹਾਰਤ ਹਾਸਲ ਕਰ ਚੁੱਕੇ ਸਨ | ਜਦੋਂ ਇਹ ਪ੍ਰੋਗਰਾਮ ਬੰਦ ਹੋਇਆ, ਸਰਕਾਰੀ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਇਨਵੈਸਟਮੈਂਟ ਕਰਵਾਉਣ ਦੇ ਮਾਹਰ ਲੋਕਾਂ ਕੋਲ ਉਨ੍ਹਾਂ ਅਮੀਰਾਂ ਦੀ ਇਕ ਲੰਬੀ ਲਿਸਟ ਸੀ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਸਨ | ਉਨ੍ਹਾਂ ਦੀਆਂ ਦਰਖ਼ਾਸਤਾਂ ਲੱਗ ਚੁੱਕੀਆਂ ਸਨ ਪਰ ਉਨ੍ਹਾਂ ਦੀ ਪ੍ਰੋਸੈਸਿੰਗ ਸ਼ੁਰੂ ਨਹੀਂ ਹੋਈ ਸੀ |