
ਕਾਂਗਰਸ ਹਾਈਕਮਾਨ ਦੇ ਫੈਸਲੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ।
ਚੰਡੀਗੜ੍ਹ: ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ। ਕਾਂਗਰਸ ਹਾਈਕਮਾਨ ਦੇ ਇਸ ਫੈਸਲੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਉੱਚ ਅਹੁਦੇ 'ਤੇ ਕਿਸੇ ਨੂੰ ਚੁਣਨ ਲਈ ਸਿੱਖਿਆ, ਇਮਾਨਦਾਰੀ ਅਤੇ ਉਸ ਦੇ ਕੰਮ ਸਮੇਤ ਹੋਰ ਪਹਿਲੂਆਂ ਨੂੰ ਦੇਖਿਆ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਿਹਰੇ ਲਈ ਸਹੀ ਚੋਣ ਹੋਣੀ ਸੀ। ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦਾ ਫੈਸਲਾ ਲੈਣ ਲਈ ਗੁੰਮਰਾਹ ਕੀਤਾ ਗਿਆ ਤਾਂ ਨਵਜੋਤ ਕੌਰ ਸਿੱਧੂ ਨੇ ਇਸ ਦਾ ਜਵਾਬ ਹਾਂ ਵਿਚ ਦਿੱਤਾ।
ਇਸ ਤੋਂ ਪਹਿਲਾਂ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਅੰਮ੍ਰਿਤਸਰ 'ਚ ਪੁੱਛਿਆ ਗਿਆ ਕਿ ਕੀ ਉਹ ਪੰਜਾਬ ਚੋਣਾਂ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਹਨ ਜਾਂ ਨਹੀਂ? ਨਵਜੋਤ ਸਿੱਧੂ ਨੇ ਸਿੱਧਾ ਜਵਾਬ ਦਿੱਤਾ ਕਿ ਉਹ ਕਾਂਗਰਸ ਹਾਈਕਮਾਂਡ ਦੇ ਨਾਲ ਹਨ ਅਤੇ ਉਹਨਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਉਹ ਹਾਈਕਮਾਂਡ ਨਾਲੋਂ ਦੁੱਗਣੇ ਪੰਜਾਬ ਦੇ ਨਾਲ ਹਨ।