
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖ਼ਲ ਨਾਲ ਸ਼ਾਹਕੋਟ 'ਚ 11 ਲਾਭਪਾਤਰੀਆਂ ਨੂੰ 25 ਸਾਲ ਬਾਅਦ ਦੁਕਾਨਾਂ ਅਲਾਟ ਹੋਣ ਦੀ ਆਸ ਬੱਝੀ ਹੈ...
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖ਼ਲ ਨਾਲ ਸ਼ਾਹਕੋਟ 'ਚ 11 ਲਾਭਪਾਤਰੀਆਂ ਨੂੰ 25 ਸਾਲ ਬਾਅਦ ਦੁਕਾਨਾਂ ਅਲਾਟ ਹੋਣ ਦੀ ਆਸ ਬੱਝੀ ਹੈ। ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਿਰ 'ਤੇ ਮੈਲਾ ਢੋਣ ਵਾਲੇ ਲੋਕਾਂ ਦਾ ਮੁੜ ਵਸੇਬਾ ਕਰਨ ਦੇ ਮੰਤਵ ਨਾਲ 1990 ਵਿੱਚ ਇਕ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਇਸ ਮਲੀਨ ਕੰਮ ਵਿੱਚ ਲੱਗੇ ਲੋਕਾਂ ਨੂੰ ਨਵੇਂ ਸਤਿਕਾਰਤ ਕੰਮਾਂ ਵਿੱਚ ਲਾਉਣਾ ਸੀ।
ਇਸ ਤਹਿਤ ਪੰਜਾਬ ਰਾਜ 'ਚ ਕੁਰਾਲੀ ਅਤੇ ਸ਼ਾਹਕੋਟ ਵਿੱਚ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਪਰ ਸ਼ਾਹਕੋਟ 'ਚ ਦੁਕਾਨਾਂ ਦੀ ਅਲਾਟਮੈਂਟ ਹੁਣ ਤੱਕ ਨਹੀਂ ਕੀਤੀ ਗਈ। ਇਸ ਸਬੰਧੀ ਜਲੰਧਰ ਜ਼ਿਲ੍ਹੇ ਦੀ ਨਿਊ ਗ੍ਰੀਨ ਮਾਰਕੀਟ ਨੀਲਾ ਮਹਿਲ ਨਿਵਾਸੀ ਨਰੇਸ਼ ਕੁਮਾਰ ਪੁੱਤਰ ਹਰਿ ਕ੍ਰਿਸ਼ਨ ਵੱਲੋਂ ਲਿਖਤੀ ਸ਼ਿਕਾਇਤ ਕਮਿਸ਼ਨਰ ਕੋਲ ਕੀਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਅਤੇ ਪ੍ਰਭਦਿਆਲ ਰਾਮਪੁਰ ਨੇ ਸਾਰੇ ਮਾਮਲੇ ਦੀ ਘੋਖ ਕੀਤੀ ਅਤੇ ਪਾਇਆ ਗਿਆ ਕਿ ਇਹ ਸ਼ਿਕਾਇਤ ਤੱਥ ਆਧਾਰਤ ਹੈ ਅਤੇ ਸਿਆਸੀ ਦਖ਼ਲਅੰਦਾਜ਼ੀ ਦੇ ਚਲਦਿਆਂ ਲਾਭਪਾਤਰੀਆਂ ਨੂੰ ਲਾਭ ਨਹੀਂ ਮਿਲ ਸਕਿਆ।
ਇਸ 'ਤੇ ਚੇਅਰਪਰਸਨ ਤੇਜਿੰਦਰ ਕੌਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਤਿੰਨ ਮਹੀਨੇ ਵਿੱਚ ਇਨ੍ਹਾਂ ਦੁਕਾਨਾਂ ਦੀ ਮੁਰੰਮਤ ਕਰ ਕੇ ਲਾਭਪਾਤਰੀਆਂ ਨੂੰ ਸਪੁਰਦਗੀ ਕੀਤੀ ਜਾਵੇ। ਤੇਜਿੰਦਰ ਕੌਰ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਮੰਨਿਆ ਹੈ ਕਿ 1994 ਵਿੱਚ ਪਹਿਲਾਂ 35 ਵਿਅਕਤੀਆਂ ਦੀ ਪਛਾਣ ਦੁਕਾਨਾਂ ਅਲਾਟ ਕਰਨ ਲਈ ਕੀਤੀ ਗਈ ਸੀ ਪਰ ਉਨ੍ਹਾਂ ਵਿੱਚੋਂ ਹੁਣ ਸਿਰਫ਼ 11 ਮੌਜੂਦ ਹਨ। ਇਸ ਲਈ ਉਨ੍ਹਾਂ ਨੂੰ ਇਹ ਦੁਕਾਨਾਂ ਅਲਾਟ ਕਰ ਦਿੱਤੀਆਂ ਜਾਣਗੀਆਂ।