
ਮੁਲਾਜ਼ਮਾਂ ਵਲੋਂ ਸਰਕਾਰ ਵਿਰੁਧ ਇਕ ਲੱਖ ਦੇ ਇਕੱਠ ਦੀ ਰੈਲੀ ਦੀ ਤਿਆਰੀ
ਚੰਡੀਗੜ੍ਹ : ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੁੱਖ ਮੰਤਰੀ ਪੰਜਾਬ ਨਾਲ 2 ਮਾਰਚ, 2020 ਨੂੰ ਹੋਣ ਵਾਲੀ ਮੀਟਿੰਗ ਨਾ ਹੋਣ ਕਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਰਾਜ਼ਗੀ ਸਨਮੁੱਖ ਫ਼ਰੰਟ ਦੇ ਕਨਵੀਨਰਜ਼ ਵਲੋਂ ਇਕ ਐਮਰਜੈਂਸੀ ਮੀਟਿੰਗ ਬੁਲਾਈ। ਮੀਟਿੰਗ ਵਿਚ ਓ.ਐਸ.ਡੀ.-ਟੂ-ਮੁੱਖ ਮੰਤਰੀ, ਪੰਜਾਬ ਜੀ.ਐਸ.ਢੇਸੀ ਵਲੋਂ ਮਿਤੀ 24 ਫ਼ਰਵਰੀ, 2020 ਨੂੰ ਵਾਈ.ਪੀ.ਐਸ. ਚੌਂਕ ਮੋਹਾਲੀ ਵਿਖੇ ਮੰਗ ਪੱਤਰ ਪ੍ਰਾਪਤ ਕਰ ਕੇ ਮੁੱਖ ਮੰਤਰੀ ਨਾਲ 2 ਮਾਰਚ, 2020 ਨੂੰ ਹੋਣ ਵਾਲੀ ਮੀਟਿੰਗ ਲਈ ਲਿਖਤੀ ਸਮਾਂ ਦੇਣ ਦੇ ਬਾਵਜੂਦ ਵੀ ਇਹ ਮੀਟਿੰਗ ਨਾ ਹੋਣ ਕਾਰਨ ਆਗੂਆਂ ਵਲੋਂ ਇਸ ਦਾ ਗੰਭੀਰ ਨੋਟਿਸ ਲਿਆ ਹੈ।
Photo
ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਇਜ਼ਲਾਸ ਵਿਚ ਵਿੱਤ ਮੰਤਰੀ ਵਲੋਂ ਮੁਲਾਜ਼ਮਾਂ ਸਬੰਧੀ ਲਏ ਗਏ ਫ਼ੈਸਲਿਆਂ ਬਾਬਤ ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਵਿਚ ਉਪਜੇ ਸ਼ੰਕਿਆਂ ਦੇ ਨਿਵਾਰਨ ਲਈ ਇਹ ਮੀਟਿੰਗ ਅਤਿ ਜ਼ਰੂਰੀ ਸੀ, ਪ੍ਰੰਤੂ ਮੁੱਖ ਮੰਤਰੀ, ਪੰਜਾਬ ਵਲੋਂ ਮੀਟਿੰਗ ਨਾ ਕਰ ਕੇ ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਚਿਰਾਂ ਤੋਂ ਲੰਬਿਤ ਮੰਗਾਂ ਸਬੰਧੀ ਗੰਭੀਰ ਨਾ ਹੋਣ ਦਾ ਸਬੂਤ ਦਿਤਾ ਹੈ, ਜਿਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਭਵਿੱਖ ਵਿਚ ਭੁਗਤਣਾ ਪਵੇਗਾ।
Photo
ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਸਰਕਾਰ ਦੀਆਂ ਚੂਲਾਂ ਹਿਲਾਉਣ ਦੇ ਲਈ ਅਗਲੇ ਸੂਬਾ ਪਧਰੀ ਲੜੀਵਾਰ ਸੰਘਰਸ਼ ਦਾ ਐਲਾਨ ਵੀ ਕਰ ਦਿਤਾ ਹੈ, ਜਿਸ ਦਾ ਅਗ਼ਾਜ਼ ਵਿੱਤ ਮੰਤਰੀ ਦੇ ਹਲਕੇ ਤੋਂ ਕਰਦੇ ਹੋਏ ਬਠਿੰਡਾ ਜ਼ੋਨ ਦੀ ਰੈਲੀ 27 ਮਾਰਚ, 2020 ਨੂੰ ਕਰਨ ਦਾ ਐਲਾਨ ਕਰ ਦਿਤਾ ਹੈ। ਇਸ ਉਪਰੰਤ 9 ਅਪ੍ਰੈਲ ਨੂੰ ਅੰਮ੍ਰਿਤਸਰ ਜ਼ੋਨ, 28 ਅਪ੍ਰੈਲ ਹੁਸ਼ਿਆਰਪੁਰ ਜ਼ੋਨ ਅਤੇ 8 ਮਈ ਨੂੰ ਪਟਿਆਲਾ ਜ਼ੋਨ ਵਿਖੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।
Photo
ਇਸ ਉਪਰੰਤ ਮੁਹਾਲੀ/ਚੰਡੀਗੜ੍ਹ ਵਿਖੇ ਘੱਟੋ-ਘੱਟ ਇੱਕ ਲੱਖ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਰੈਲੀ ਕਰਕੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਅਗਾਜ਼ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਸੂਬਾਈ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ, ਸੱਜਣ ਸਿੰਘ, ਕਰਮ ਸਿੰਘ ਧਨੋਆ, ਮੇਘ ਸਿੰਘ ਸਿੱਧੂ, ਠਾਕੁਰ ਸਿੰਘ, ਬਖਸ਼ੀਸ਼ ਸਿੰਘ ਅਤੇ ਪ੍ਰੇਮ ਸਾਗਰ ਸ਼ਰਮਾਂ ਨੇ ਹਿੱਸਾ ਲਿਆ।