
ਰੋਜ਼ਾਨਾ ਸਪੋਕਸਮੈਨ ਵੱਲੋਂ ਪੰਜਾਬ ਸਰਕਾਰ ਵੱਲ਼ੋਂ ਖੋਲ੍ਹੇ ਗਏ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦਾ ਰਿਐਲਿਟੀ ਚੈੱਕ ਕੀਤਾ ਗਿਆ।
ਹੁਸ਼ਿਆਰਪੁਰ: ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਦੇ ਹੋਏ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ 13755 ਨੌਜਵਾਨਾਂ ਨੂੰ ਸਰਕਾਰ ਨੌਕਰੀਆਂ ਉਪਲਬਧ ਕਰਵਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹਾ ਰੁਜ਼ਗਾਰ ਅਫਸਰ ਹੁਸ਼ਿਆਰਪੁਰ ਨੇ ਦਿੱਤੀ ਹੈ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਕਰਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ‘ਚ ਕੋਈ ਕਮੀ ਨਹੀਂ ਛੱਡੀ। ਕਰਮ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿਚ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਖੋਲ੍ਹੇ ਗਏ ਹਨ। ਉਹਨਾਂ ਕਿਹਾ ਕਿ ਇਸ ਦੇ ਤਹਿਤ ਸਰਕਾਰ ਵੱਲ਼ੋਂ ਹਰ ਘਰ ਵਿਚ ਰੁਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
Photo
ਉਹਨਾਂ ਦੱਸਿਆ ਕਿ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਵਿਭਾਗ ਵੱਲੋਂ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। ਇਹਨਾਂ ਕੈਂਪਾਂ ਤਹਿਤ ਵੱਖ-ਵੱਖ ਕਿੱਤਿਆਂ ‘ਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਂਦਾ ਹੈ। ਰੁਜ਼ਗਾਰ ਦਫ਼ਤਰ ਵਿਚ ਵੱਖ-ਵੱਖ ਕੰਪਨੀਆਂ ਆ ਕੇ ਨੌਜਵਾਨਾਂ ਦੀ ਇੰਟਰਵਿਊ ਲੈਂਦੀਆਂ ਹਨ ਤੇ ਯੋਗ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ।
ਉਹਨਾਂ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਇਸ ਜ਼ਿਲ੍ਹੇ ਵਿਚ ਲਗਭਗ 59 ਪਲੇਸਮੈਂਟ ਕੈਂਪ ਲਗਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮੈਗਾ ਜਾਬ ਫੇਅਰ ਦਾ ਅਯੋਜਨ ਕੀਤਾ ਗਿਆ। ਹੁਣ ਤੱਕ ਕੁੱਲ਼ 11 ਰੁਜ਼ਗਾਰ ਮੇਲਿਆਂ ਦਾ ਅਯੋਜਨ ਕੀਤਾ ਜਾ ਚੁੱਕਾ ਹੈ। ਇਹ ਮੇਲੇ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ‘ਤੇ ਅਯੋਜਿਤ ਕੀਤੇ ਜਾਂਦੇ ਹਨ। ਇਹਨਾਂ ਮੇਲਿਆਂ ਵਿਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਹੈ।
ਰੁਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪਾਂ ਨੂੰ ਮਿਲਾ ਕੇ ਕੁੱਲ਼ 13755 ਪਲੇਸਮੈਂਟਸ ਹੋਈਆਂ ਹਨ। ਉਹਨਾਂ ਦੱਸਿਆ ਕਿ ਇਸ ਵਿਭਾਗ ਵੱਲੋਂ ਨੌਜਵਾਨਾਂ ਨੂੰ ਹਰ ਜ਼ਿਲ੍ਹੇ ਵਿਚ 14 ਪ੍ਰਕਾਰ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਜਿਸ ਵਿਚ ਬੇਰੁਜ਼ਗਾਰ ਨੌਜਵਾਨਾਂ ਦੀ ਰਜਿਸਟਰੇਸ਼ਨ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਦੀ ਕੈਰੀਅਰ ਕਾਂਊਸਲਿੰਗ ਵੀ ਕੀਤੀ ਜਾਂਦੀ ਹੈ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਵਿਦਿਆਰਥੀ ਇੱਥੇ ਆ ਕੇ ਕੈਰੀਅਰ ਸਬੰਧੀ ਗਾਇਡੈਂਸ ਪ੍ਰਾਪਤ ਕਰਦੇ ਹਨ।
Photo
ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਚੰਗੇ ਕੈਰੀਅਰ ਦੀ ਚੋਣ ਸਬੰਧੀ ਗਾਈਡ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਪ੍ਰੀਖਿਆਵਾਂ ਬਾਰੇ ਵੀ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਨੌਜਵਾਨ ਨੂੰ ਸਵੈ-ਰੁਜ਼ਗਾਰ ਲਈ ਵੀ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਂਦੀ ਹੈ।
Photo
ਇੱਥੇ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇੱਥੇ ਨੌਜਵਾਨਾਂ ਨੂੰ ਮੁਫ਼ਤ ਇੰਟਰਨੈੱਟ ਦੀ ਸਹੂਲਤ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਸ਼ੁਰੂਆਤ ਤਹਿਤ ਪੂਰੇ ਪੰਜਾਬ ਵਿਚ ਚਾਰ ਥਾਵਾਂ ‘ਤੇ ਰੁਜ਼ਗਾਰ ਮੇਲੇ ਲੱਗਦੇ ਹਨ। ਇਹਨਾਂ ਨੌਕਰੀਆਂ ਵਿਚ ਘੱਟੋ ਘਟ ਸੈਲਰੀ ਪੈਕੇਜ 3 ਲੱਖ ਪ੍ਰਤੀ ਸਾਲ ਹੈ। ਉੱਥੇ ਹੀ ਜਾਬ ਰਜਿਸਟਰੇਸ਼ਨ ਲਈ ਆਈ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾਂ ਰਜਿਸਟਰੇਸ਼ਨ ਕਰਵਾਈ ਸੀ, ਉਸ ਨੂੰ ਕੁਝ ਕੰਪਨੀਆਂ ਵੱਲੋਂ ਫੋਨ ਵੀ ਆਏ ਸੀ ਪਰ ਉਹ ਨਹੀਂ ਗਈ ਤੇ ਹੁਣ ਉਹ ਦੁਬਾਰਾ ਰਜਿਸਟਰੇਸ਼ਨ ਕਰਵਾਉਣ ਆਈ ਹੈ।
ਦੱਸ ਦਈਏ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ, ਇਸ ਦੌਰਾਨ ਸਰਕਾਰ ਵੱਲੋਂ ਅਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਰੋਜ਼ਾਨਾ ਸਪੋਕਸਮੈਨ ਵੱਲੋਂ ਪੰਜਾਬ ਸਰਕਾਰ ਵੱਲ਼ੋਂ ਖੋਲ੍ਹੇ ਗਏ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦਾ ਰਿਐਲਿਟੀ ਚੈੱਕ ਕੀਤਾ ਗਿਆ।