
ਪੰਜਾਬ 'ਚ ਅਤਿਵਾਦੀ ਸਰਗਰਮੀਆਂ ਦੀ ਸਾਜ਼ਸ਼ ਰਚਣ ਦੇ ਇਕ ਤੋਂ ਬਾਅਦ ਇਕ ਹੋ ਰਹੇ ਪ੍ਰਗਟਾਵਿਆਂ ਦੀ ਕੜੀ 'ਚ ਇਕ ਨਵਾਂ ਨਾਮ ਜੁੜਿਆ ਹੈ ਸੁਰਿੰਦਰ ਬੱਬਰ ਦਾ।
ਕੋਟਕਪੂਰਾ, 9 ਜੂਨ (ਗੁਰਿੰਦਰ ਸਿੰਘ): ਪੰਜਾਬ 'ਚ ਅਤਿਵਾਦੀ ਸਰਗਰਮੀਆਂ ਦੀ ਸਾਜ਼ਸ਼ ਰਚਣ ਦੇ ਇਕ ਤੋਂ ਬਾਅਦ ਇਕ ਹੋ ਰਹੇ ਪ੍ਰਗਟਾਵਿਆਂ ਦੀ ਕੜੀ 'ਚ ਇਕ ਨਵਾਂ ਨਾਮ ਜੁੜਿਆ ਹੈ ਸੁਰਿੰਦਰ ਬੱਬਰ ਦਾ। ਵਿਦੇਸ਼ 'ਚ ਛਪਦੀਆਂ ਅਖ਼ਬਾਰਾਂ ਜਾਂ ਪੰਥਕ ਵੈਬਸਾਈਟਾਂ ਸਮੇਤ ਹੋਰ ਕਈਆਂ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਪ੍ਰਗਟਾਵਾ ਕੀਤਾ ਹੈ ਕਿ ਸੁਰਿੰਦਰ ਬੱਬਰ ਇੰਗਲੈਂਡ ਵਿਚ ਰਹਿ ਕੇ ਪੰਜਾਬ ਲਈ ਕਥਿਤ ਅਤਿਵਾਦੀ ਸਾਜ਼ਸ਼ ਬੁਣ ਰਿਹਾ ਸੀ। ਇਸ ਵਾਰ ਇਸ ਦਾ ਨਿਸ਼ਾਨਾ ਪੰਜਾਬ ਦੇ ਸਿੱਖ ਪ੍ਰਚਾਰਕ ਸਨ ਜਿਨ੍ਹਾਂ ਨੂੰ ਮਾਰਨ ਲਈ ਇਸ ਨੇ ਬਠਿੰਡਾ ਦੇ ਦੋ ਨੌਜਵਾਨਾਂ ਨੂੰ ਚੁਣਿਆ ਜਿਨ੍ਹਾਂ ਦਾ ਅਪਣਾ ਜਾਂ ਪਰਵਾਰਕ ਪਿਛੋਕੜ ਕਿਸੇ ਨਾ ਕਿਸੇ ਲਿਹਾਜ਼ ਨਾਲ ਅਤਿਵਾਦੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਕਾਊਂਟਰ ਇੰਟੈਲੀਜੈਂਸੀ ਮੋਹਾਲੀ ਵਲੋਂ ਬਠਿੰਡਾ ਤੋਂ ਕਾਬੂ ਕੀਤੇ ਗਏ ਰਮਨਦੀਪ ਸਿੰਘ ਸੰਨੀ ਅਤੇ ਪਰਮਿੰਦਰ ਸਿੰਘ ਹੈਰੀ (ਨਿਵਾਸੀ ਪਿੰਡ ਜੋਗਾਨੰਦ ਜ਼ਿਲ੍ਹਾ ਬਠਿੰਡਾ) ਦੋਵੇਂ ਨੌਜਵਾਨ ਸੁਰਿੰਦਰ ਬੱਬਰ ਦੇ ਸੰਪਰਕ ਵਿਚ ਸਨ।
ਇਨ੍ਹਾਂ ਵਿਚੋਂ ਹੈਰੀ ਫ਼ੇਸਬੁਕ ਰਾਹੀਂ ਉਸ ਨਾਲ ਇੰਗਲੈਂਡ ਵਿਚ ਸੰਪਰਕ ਕਰਦਾ ਸੀ ਅਤੇ ਉਥੋਂ ਮਿਲੇ ਹੁਕਮ ਤੋਂ ਬਾਅਦ ਇਹ ਇਕ ਵਿਵਾਦਤ ਬਿਆਨ ਨਾਲ ਚਰਚਾ ਵਿਚ ਰਿਹਾ। ਇਸ ਦੀ ਡਿਊਟੀ ਸਿੱਖ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਨਿਸ਼ਾਨਾ ਬਣਾਉਣ ਦੀ ਲਾਈ ਗਈ ਸੀ। ਇਸ ਲਈ ਹੈਰੀ ਨੇ ਰਮਨਦੀਪ ਲੁਧਿਆਣਾ ਨਿਵਾਸੀ ਅੰਮ੍ਰਿਤਪਾਲ ਕੌਰ ਕੋਲੋਂ ਬਿਹਾਰ ਤੋਂ ਹਥਿਆਰ ਮੰਗਾਉਣ ਦੀ ਗੱਲ ਕੀਤੀ ਸੀ, ਇਹ ਹਥਿਆਰ ਅਜੇ ਪੁੱਜੇ ਨਹੀਂ ਸਨ ਕਿ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਕੌਰ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਸਰਗਰਮ ਹੋਰ ਅਤਿਵਾਦੀਆਂ ਨਾਲ ਫੜੀ ਗਈ। ਪੁੱਛਗਿਛ ਤੋਂ ਬਾਅਦ ਪੁਲਿਸ ਨੇ ਸੰਨੀ ਅਤੇ ਹੈਰੀ ਨੂੰ ਕਾਬੂ ਕੀਤਾ।
ਉਕਤ ਘਟਨਾ ਨੂੰ ਲੈ ਕੇ ਪੁਲਿਸ ਨੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਸੁਰੱਖਿਆ 'ਚ ਵਾਧਾ ਕਰ ਦਿਤਾ ਹੈ। ਪ੍ਰੋ. ਧੂੰਦਾ ਦੇ ਘਰ ਵੀ ਪੁਲਿਸ ਤੈਨਾਤ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਵੀ ਪੱਕੇ ਤੌਰ 'ਤੇ ਪੁਲਿਸ ਕਰਮਚਾਰੀ ਹਰ ਸਮਾਗਮ 'ਚ ਤੈਨਾਤ ਰਹਿਣਗੇ। ਪ੍ਰੋ. ਸਰਬਜੀਤ ਸਿੰਘ ਧੂੰਦਾ ਸਮੇਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਮੁੱਚੇ ਪ੍ਰਚਾਰਕਾਂ ਦੀ ਟੀਮ ਨੇ ਐਲਾਨ ਕੀਤਾ ਹੈ ਕਿ ਪੰਥ ਦੇ ਪ੍ਰਚਾਰ ਲਈ ਉਹ ਪਹਿਲਾਂ ਦੀ ਤਰ੍ਹਾਂ ਸਰਗਰਮ ਰਹਿਣਗੇ ਤੇ ਅਜਿਹੀਆਂ ਗਿੱਦੜਭਬਕੀਆਂ ਤੋਂ ਕਦੇ ਨਹੀਂ ਡਰਨਗੇ। -