
ਪੰਜਾਬ ਨੂੰ 10 ਲੱਖ ਟੈਸਟ ਕਿਟਾਂ ਜਲਦੀ ਮਿਲਣ ਦੀ ਆਸ
ਚੰਡੀਗੜ੍ਹ, 7 ਅਪ੍ਰੈਲ (ਐਸ.ਐਸ. ਬਰਾੜ) : ਅਗਲੇ ਕੁੱਝ ਹੀ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ 'ਤੇ ਖ਼ੂਨ ਟੈਸਟ ਦੀ ਮੁਹਿੰਮ ਅਰੰਭੀ ਜਾਵੇਗੀ। ਇਸ ਉਦੇਸ਼ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 10 ਲੱਖ ਟੈਸਟ ਕਿਟਾਂ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਵਲੋਂ ਇਨ੍ਹਾਂ ਕਿਟਾਂ ਦੀ ਸਪਲਾਈ ਜਲਦੀ ਹੀ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਵੱਡੀ ਪੱਧਰ 'ਤੇ ਇਹ ਕਿਟਾਂ ਹਾਸਲ ਕਰਨ ਲਈ ਕੰਮ ਅਰੰਭ ਦਿਤਾ ਹੈ ਅਤੇ ਜਲਦੀ ਹੀ ਇਨ੍ਹਾਂ ਕਿਟਾਂ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਸਿਆ ਕਿ 10 ਲੱਖ ਕਿਟਾਂ ਨਾਲ ਇਕ ਕਰੋੜ ਵਿਅਕਤੀਆਂ ਦੇ ਖ਼ੂਨ ਟੈਸਟ ਹੋ ਸਕਣਗੇ। ਉਨ੍ਹਾਂ ਦਸਿਆ ਕਿ ਇਹ ਟੈਸਟ ਹੋਣ ਨਾਲ ਕੋਰੋਨਾ ਵਾਇਰਸ ਤੋਂ ਪੀੜਤ ਜਾਂ ਜਿਨ੍ਹਾਂ ਵਿਅਕਤੀਆਂ 'ਚ ਇਸ ਬੀਮਾਰੀ ਦੇ ਲੱਛਣ ਮੌਜੂਦ ਹਨ, ਦੀ ਪੂਰੀ ਜਾਣਕਾਰੀ ਮਿਲ ਸਕੇਗੀ। ਜਾਣਕਾਰੀ ਮਿਲਣ ਨਾਲ ਪੀੜਤ ਵਿਅਕਤੀਆਂ ਨੂੰ ਏਕਾਂਤਵਾਸ 'ਚ ਰਖਿਆ ਜਾ ਸਕੇਗਾ ਅਤੇ ਅੱਗੋਂ ਹੋਰ ਕਿਸੇ ਵਿਅਕਤੀ ਨੂੰ ਇਹ ਬੀਮਾਰੀ ਨਹੀਂ ਲੱਗੇਗੀ। ਜੋ ਪੀੜਤ ਹੋਣਗੇ, ਉਨ੍ਹਾਂ ਦਾ ਠੀਕ ਇਲਾਜ ਵੀ ਸਮੇਂ ਸਿਰ ਹੋ ਸਕੇਗਾ।Balbir Singh Sidhu
ਪੁੱਛੇ ਜਾਣ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਸੰਕਟ ਟਲ ਗਿਆ ਹੈ। ਸੰਕਟ ਅਜੇ ਬਰਕਰਾਰ ਹੈ। ਲੋਕਾਂ 'ਚ ਜਾਗਰੂਕਤਾ ਕਾਰਨ ਅਜੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਯਤਨਾਂ ਕਾਰਨ ਇਸ ਬੀਮਾਰੀ ਦੇ ਤੇਜ਼ੀ ਨਾਲ ਫੈਲਣ ਨੂੰ ਠੱਲ੍ਹ ਪਈ ਹੈ। ਉਨ੍ਹਾਂ ਦਸਿਆ ਕਿ ਪਿੰਡਾਂ ਤੋਂ ਬਹੁਤ ਚੰਗੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਪਿੰਡਾਂ ਦੇ ਲੋਕਾਂ ਨੇ ਖ਼ੁਦ ਹੀ ਅਪਣੇ ਪੱਧਰ 'ਤੇ ਬਹੁਤ ਪਿੰਡਾਂ ਦੀ ਨਾਕਾਬੰਦੀ ਕਰ ਲਈ ਹੈ। ਕਿਸੇ ਬਾਹਰੀ ਵਿਅਕਤੀ ਨੂੰ ਪਿੰਡ 'ਚ ਦਾਖ਼ਲ ਨਹੀਂ ਹੋਣ ਦਿਤਾ ਜਾ ਰਿਹਾ ਅਤੇ ਨਾ ਹੀ ਪਿੰਡ ਦੇ ਲੋਕਾਂ ਨੂੰ ਬਿਨਾਂ ਲੋੜ ਬਾਹਰ ਜਾਣ ਦਿਤਾ ਜਾਂਦਾ ਹੈ। ਇਹ ਸੱਭ ਕੁੱਝ ਬਿਨਾ ਪੁਲਿਸ ਦੀ ਸਹਾਇਤਾ ਤੋਂ ਕੀਤਾ ਜਾ ਰਿਹਾ ਹੈ। ਇਸ ਨਾਲ ਵੀ ਬੀਮਾਰੀ ਦੇ ਤੇਜ਼ੀ ਨਾਲ ਅੱਗੇ ਫੈਲਣ ਨੂੰ ਠੱਲ੍ਹ ਪਈ ਹੈ।
ਸਿੱਧੂ ਨੇ ਦਸਿਆ ਕਿ ਇਸ ਬੀਮਾਰੀ ਦੇ ਜ਼ਿਆਦਾ ਕੇਸ ਵੱਡੇ ਸ਼ਹਿਰਾਂ ਤਕ ਸੀਮਤ ਹਨ। ਮੋਹਾਲੀ 'ਚ 28 ਕੇਸ ਸਾਹਮਣੇ ਆਏ ਹਨ ਜੋ ਸੱਭ ਤੋਂ ਜ਼ਿਆਦਾ ਹਨ। ਇਸੇ ਤਰ੍ਹਾਂ ਲੁਧਿਆਣਾ 'ਚ ਵੀ ਕਾਫ਼ੀ ਕੇਸ ਸਾਹਮਣੇ ਆਏ ਹਨ। ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਦਾ ਕੇਸ ਹੋਣ ਨਾਲ ਦੁਆਬੇ 'ਚ ਬੀਮਾਰੀ ਫੈਲਣ ਲੱਗ ਪਈ ਸੀ ਅਤੇ ਪਿੰਡਾਂ ਦੀ ਨਾਕਾਬੰਦੀ ਕਰ ਕੇ ਪੀੜਤਾਂ ਦੀ ਪਛਾਣ ਕਰ ਕੇ, ਉਨ੍ਹਾਂ ਨੂੰ ਇਕਾਂਤਵਾਸ 'ਚ ਰਖਿਆ। ਹੁਣ ਦੁਆਬੇ ਦੀ ਸਥਿਤੀ ਸੁਧਰ ਗਈ ਹੈ।
ਇਸੇ ਤਰ੍ਹਾਂ ਮਾਲਵੇ ਦੇ ਇਲਾਕੇ ਵੀ ਅਜੇ ਇਸ ਬੀਮਾਰੀ ਤੋਂ ਬਚੇ ਹੋਏ ਹਨ। ਖ਼ਾਸ ਕਰ ਕੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਬਚਤ ਹੈ। ਮਾਲਵੇ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਇਕਾ-ਦੁਕਾ ਕੇਸ ਹੀ ਸਾਹਮਣੇ ਆਏ ਹਨ।