
ਬਜ਼ੁਰਗ ਵਿਅਕਤੀ 3 ਵਾਰ ਰਹਿ ਚੁੱਕਿਆ ਹੈ ਪਿੰਡ ਦਾ ਪੰਚ
ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਰੈਲੀ ਵਿਚੋਂ 87 ਸਾਲਾਂ ਬਜ਼ੁਰਗ ਵਿਅਕਤੀ ਨੂੰ ਘੜੀਸ ਕੇ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬਠਿੰਡਾ ਦੇ ਨੇੜੇ ਪਿੰਡ ਫੂਸ ਮੰਡੀ ਵਿਚ ਹਰਸਿਮਰਤ ਬਾਦਲ ਰੈਲੀ ਕਰਨ ਪੁੱਜੀ। ਉਥੇ ਇਕ 87 ਸਾਲਾਂ ਬਜ਼ੁਰਗ ਨੇ ਹਰਸਿਮਰਤ ਤੋਂ ਸਵਾਲ ਪੁੱਛਣਾ ਚਾਹਿਆ ਤਾਂ ਉੱਥੇ ਹੀ ਮੌਜੂਦ ਹਰਸਿਮਰਤ ਦੇ ਸੁਰੱਖਿਆ ਕਰਮੀਆਂ ਨੇ ਬਜ਼ੁਰਗ ਵਿਅਕਤੀ ਨੂੰ ਧੂਹ ਕੇ ਜਨਸਭਾ ਵਿਚੋਂ ਬਾਹਰ ਕੱਢ ਦਿਤਾ ਤੇ ਇਸ ਦੌਰਾਨ ਬਜ਼ੁਰਗ ਦੀ ਪੱਗ ਵੀ ਲਹਿ ਗਈ।
Harsimrat Kaur Badal
ਮਿਲੀ ਜਾਣਕਾਰੀ ਮੁਤਾਬਕ, ਬਜ਼ੁਰਗ ਵਿਅਕਤੀ ਕਾਕਾ ਸਿੰਘ ਤਿੰਨ ਵਾਰ ਪਿੰਡ ਦੇ ਪੰਚ ਰਹਿ ਚੁੱਕੇ ਹਨ। ਕਾਕਾ ਸਿੰਘ ਨੇ ਹਰਸਿਮਰਤ ਤੋਂ ਸਵਾਲ ਪੁੱਛਿਆ ਸੀ ਕਿ ਆਟਾ-ਦਾਲ ਸਕੀਮ ਨੂੰ ਕੇਂਦਰ ਨੇ ਕਿਉਂ ਬੰਦ ਕਰ ਦਿਤਾ। ਸਵਾਲ ਪੁੱਛਦੇ ਹੀ ਸਿਵਲ ਕੱਪੜਿਆਂ ਵਿਚ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਕਾਕਾ ਸਿੰਘ ਦਾ ਮੂੰਹ ਬੰਦ ਕਰ ਦਿਤਾ ਤੇ ਜ਼ਬਰਦਸਤੀ ਜਨਸਭਾ ਵਿਚੋਂ ਬਾਹਰ ਕੱਢਣ ਲੱਗੇ। ਇਸੇ ਦੌਰਾਨ ਹੀ ਬਾਹਰ ਮੌਜੂਦ ਕਾਂਗਰਸੀ ਵਰਕਰਾਂ ਨੇ ਕਾਕਾ ਸਿੰਘ ਦੇ ਸਮਰਥਨ ਵਿਚ ਜੱਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ।
ਇਸ ਘਟਨਾ ਤੋਂ ਬਾਅਦ ਕਾਕਾ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਬਾਰੇ ਵੀ ਸੋਚ ਰਹੇ ਹਨ। ਕਾਕਾ ਸਿੰਘ ਦੇ ਪੁੱਤਰ ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਸੱਚਾਈ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਦੇ ਬਜ਼ੁਰਗ ਪਿਤਾ ਨਾਲ ਮਾੜਾ ਸਲੂਕ ਕੀਤਾ ਹੈ ਤੇ ਮੂੰਹ ਦੱਬ ਕੇ ਸਭਾ ਵਿਚੋਂ ਘੜੀਸ ਕੇ ਬਾਹਰ ਕੱਢਿਆ ਹੈ।
Harsimrat Kaur Badal
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਪੰਜਾਬ ਦੀ ਆਮ ਜਨਤਾ ਨੇ ਵੀ ਲੀਡਰਾਂ ਨੂੰ ਅਪਣੇ ਸਵਾਲਾਂ ਦੇ ਘੇਰੇ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸ ਵਾਰ ਪੰਜਾਬ ਦੀ ਆਮ ਜਨਤਾ ਵੀ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 23 ਮਈ ਨੂੰ ਨਤੀਜਿਆਂ ਦੌਰਾਨ ਕਿਹੜੀ ਪਾਰਟੀ ਜਿੱਤ ਦਾ ਝੰਡਾ ਲੈ ਕੇ ਉੱਭਰ ਕੇ ਸਾਹਮਣੇ ਆਉਂਦੀ ਹੈ।