
ਮਹਿੰਗਾਈ ਤੇ ਤੇਲ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕਢਿਆ: ਜਗਮੋਹਨ ਸਿੰਘ ਕੰਗ
ਖਰੜ, 7 ਜੂਨ (ਪੰਕਜ ਚੱਢਾ): ਕੇਂਦਰ ਸਰਕਾਰ ਵਲੋਂ ਵਧਾਈਆਂ ਤੇਲ ਕੀਮਤਾਂ ਵਿਰੁਧ ਪੰਜਾਬ ਵਿਚ ਰੋਸ ਧਰਨੇ ਦੇਣ ਲਈ 31 ਮਈ ਤੋਂ ਕਾਂਗਰਸ ਪਾਰਟੀ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਕਾਂਗਰਸ ਦੀ ਇਸ ਮੁਹਿੰਮ ਨੂੰ ਉਹ ਪਿੰਡ ਪਿੰਡ ਲੈ ਕੇ ਜਾਣਗੇ। ਇਹ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਮੈਬਰ ਲੋਕ ਸਭਾ ਸੁਨੀਲ ਕੁਮਾਰ ਜਾਖੜ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿਚ ਖਰੜ ਵਿਖੇ ਦਿਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।
Sunil Jakharਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਧਾਈਆਂ ਤੇਲ ਕੀਮਤਾਂ ਨਾਲ ਪੰਜਾਬ ਦੇ ਕਿਸਾਨ ਉਤੇ 1500 ਕਰੋੜ ਰੁਪਏ ਦਾ ਬੋਝ ਪਾ ਦਿਤਾ ਹੈ। ਇਸ ਮੌਕੇ ਉਨ੍ਹਾਂ ਨੇ ਤੇਲ ਕੀਮਤਾਂ ਵਿਚ ਵਾਧੇ ਵਿਰੁਧ ਸਾਈਕਲ ਯਾਤਰਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਅਕਾਲੀ-ਭਾਜਪਾ ਨੇ ਸਿਆਸਤ ਨੂੰ ਵਪਾਰ ਬਣਾ ਦਿਤਾ। ਮੈਂ ਪਰਕਾਸ਼ ਸਿੰਘ ਬਾਦਲ ਨੂੰ ਪ੍ਰੈੱਸ ਕਾਨਫ਼ਰੰਸ ਰਾਹੀਂ ਕਿਹਾ ਸੀ ਕਿ ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਕੋਈ ਸੌਦਾ ਨਾ ਕਰ ਲੈਣ ਬਲਕਿ ਕਿਸਾਨੀ ਦੇ ਮੁੱਦਿਆਂ ਨੂੰ ਉਠਾਉਣ।
Jagmohan Kangਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਬਦੌਲਤ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਮੁੜ ਕਚੂੰਮਰ ਕੱਢ ਕੇ ਰੱਖ ਦਿਤਾ ਹੈ। ਉਨ੍ਹਾਂ ਲੋਕਾਂ ਨੂੰ ਲਾਮੰਬਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਲਾਂਭੇ ਕਰਨਾ ਹੀ ਪਵੇਗਾ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਮੁਹੰਮਦ ਇਕਬਾਲ, ਗੁਰਿੰਦਰਜੀਤ ਸਿੰਘ ਬਡਾਲਾ, ਸ਼ਹਿਰੀ ਪ੍ਰਧਾਨ ਯਸਪਾਲ ਬੰਸਲ, ਮਨਜੀਤ ਕੌਰ, ਕੁਸ਼ਲ ਰਾਣਾ, ਵਰਿੰਦਰ ਭਾਮਾ, ਮਾਸਟਰ ਸ਼ਿੰਗਾਰਾ ਸਿੰਘ, ਵਿਨੋਦ ਕਪੂਰਾ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।