
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਵਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤੇ ਜਾਣ.............
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਵਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤੇ ਜਾਣ ਦੇ ਸੱਦੇ ਦੀ ਖਿੱਲੀ ਉਡਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਅਪਣੀ ਪਾਰਟੀ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇਨ੍ਹਾਂ ਦੋਵਾਂ ਨਾਜ਼ੁਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜਾਜ਼ਤ ਦਿਤੀ ਗਈ ਸੀ ਜਿਸ 'ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਜਿਹੇ ਸੱਦੇ ਦੇਣ ਦਾ ਸਿਆਸੀ ਢਕਵੰਜ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਨੈਤਿਕਤਾ ਦਾ ਮਖੌਟਾ ਪਾਉਣ ਦੀ ਨਿਰਾਸ਼ਾ 'ਚੋਂ ਉਪਜੀ ਕੋਸ਼ਿਸ਼ ਦਾ ਮੌਜੂ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਇਸ ਸਾਰੇ ਪੁਆੜੇ ਦੀ ਜੜ੍ਹ ਹੀ ਸ਼੍ਰੋਮਣੀ ਅਕਾਲੀ ਦਲ ਹੈ। ਮÎੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਬਰਬਾਦ ਕਰਨ ਤੋਂ ਬਾਅਦ ਸੁਖਬੀਰ ਬਾਦਲ ਹੁਣ ਇਸ ਅਲਾਮਤ ਵਿਰੁਧ ਇਕਜੁਟ ਹੋ ਕੇ ਲੜਨ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚੁਨੌਤੀ ਦਿਤੀ ਕਿ ਉਹ ਅਪਣੇ ਸ਼ਾਸਨਕਾਲ ਦੌਰਾਨ ਇਕ ਵੀ ਮਿਸਾਲ ਪੇਸ਼ ਕਰ ਦੇਣ
ਕਿ ਉਨ੍ਹਾਂ ਨੇ ਕਦੇ ਨਸ਼ਿਆਂ ਸਮੇਤ ਕਿਸੇ ਵੀ ਮੁੱਦੇ 'ਤੇ ਕਾਂਗਰਸ ਪਾਸੋਂ ਸਿਆਸੀ ਸਰਬਸੰਮਤੀ ਅਤੇ ਮਦਦ ਮੰਗੀ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਹੀ ਸਿਰ ਚੁਕਿਆ ਅਤੇ ਗੰਭੀਰ ਰੂਪ ਧਾਰਨ ਕੀਤਾ ਸੀ। ਸੁਖਬੀਰ ਬਾਦਲ ਵਲੋਂ ਸਰਕਾਰ ਦੀ ਨਸ਼ਾ ਵਿਰੁਧ ਮੁਹਿੰਮ ਵਿਚ ਸਾਂਝੇ ਤੌਰ 'ਤੇ ਹੰਭਲਾ ਮਾਰਨ ਦੀ ਕੀਤੀ ਪੇਸ਼ਕਸ਼ ਦੇ ਜਵਾਬ ਵਿਚ ਸਖ਼ਤ ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ''ਅਸੀਂ ਸੂਬੇ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਸਫ਼ਲ ਹੋਏ ਹਾਂ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਕਰਜ਼ੇ ਵਿਚ ਡੁਬਿਆ ਹੋਇਆ ਸੀ।
ਅਸੀਂ ਖ਼ਤਰਨਾਕ ਗੈਂਗਸਟਰਾਂ ਵਿਚੋਂ ਕੁੱਝ ਕੁ ਦਾ ਖ਼ਾਤਮਾ ਕਰਨ ਵਿਚ ਵੀ ਸਫ਼ਲ ਹੋਏ ਹਾਂ ਜੋ ਤੁਹਾਡੇ ਰਾਜ ਦੌਰਾਨ ਖੁੱਲ੍ਹੇਆਮ ਦਨਦਨਾਉਂਦੇ ਫਿਰਦੇ ਸਨ। ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਸਥਿਰ ਕਰਨ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਵਿਚ ਵੀ ਕਾਮਯਾਬ ਹੋਏ ਹਾਂ ਜਦਕਿ ਤੁਹਾਡੇ ਕੁਸ਼ਾਸਨ ਦੌਰਾਨ ਇਹ ਦੋਵੇਂ ਸਮੱਸਿਆਵਾਂ ਨੇ ਵੱਡੇ ਪੱਧਰ 'ਤੇ ਸਿਰ ਚੁਕ ਲਿਆ ਸੀ। ਸੁਖਬੀਰ ਬਾਦਲ, ਅਸੀਂ ਇਹ ਸੱਭ ਕੁੱਝ ਤੁਹਾਡੀ ਸਲਾਹ ਜਾਂ ਮਦਦ ਤੋਂ ਬਿਨਾਂ ਕੀਤਾ ਹੈ।
'' ਨਸ਼ਿਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਉਨ੍ਹਾਂ ਦੀ ਸਰਕਾਰ ਵਲੋਂ ਚੁਕੇ ਜਾ ਰਹੇ ਕਦਮਾਂ ਵਿਚ ਬਾਕੀ ਪਾਰਟੀਆਂ ਨੂੰ ਵੀ ਭਰੋਸੇ 'ਚ ਲੈਣ ਬਾਰੇ ਸੁਖਬੀਰ ਬਾਦਲ ਦੇ ਸੁਝਾਅ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਅਕਾਲੀਆਂ ਅਤੇ ਆਪ ਵਲੋਂ ਸੂਬੇ ਦੀ ਅਸੈਂਬਲੀ ਵਿਚ ਪਾਈ ਰਵਾਇਤ ਮੁਤਾਬਕ ਚਲ ਰਿਹਾ ਹੈ ਅਤੇ ਉਨ੍ਹਾਂ (ਮੁੱਖ ਮੰਤਰੀ) ਇਸ ਗੱਲ ਨੂੰ ਤਰਜੀਹ ਦੇਣਗੇ ਕਿ ਉਹ ਅਪਣਾ ਸਮਾਂ ਅਤੇ ਸ਼ਕਤੀ ਇਨ੍ਹਾਂ ਪਾਰਟੀਆਂ ਨਾਲ ਗੱਲਬਾਤ ਕਰ ਕੇ ਅਜਾਈਂ ਨਾ ਗਵਾਉਣ।