
ਚਾਰ ਦਿਨ ਪਹਿਲਾਂ ਅਬੋਹਰ ਸ਼ਹਿਰ ਤੋਂ ਕਰੀਬ 8 ਕਿਲੋਮੀਟਰ ਦੂਰ ਪੈਂਦੇ ਪਿੰਡ ਰਾਏਪੁਰਾ ਵਿਚੋਂ ਲੰਘਦੀ ਨਹਿਰ ਦੇ ਟੁੱਟਣ ਕਾਰਨ ਇਸ ਪਿੰਡ ਤੋਂ .........
ਅਬੋਹਰ :- ਚਾਰ ਦਿਨ ਪਹਿਲਾਂ ਅਬੋਹਰ ਸ਼ਹਿਰ ਤੋਂ ਕਰੀਬ 8 ਕਿਲੋਮੀਟਰ ਦੂਰ ਪੈਂਦੇ ਪਿੰਡ ਰਾਏਪੁਰਾ ਵਿਚੋਂ ਲੰਘਦੀ ਨਹਿਰ ਦੇ ਟੁੱਟਣ ਕਾਰਨ ਇਸ ਪਿੰਡ ਤੋਂ ਇਲਾਵਾ ਨਾਲ ਲਗਦੇ ਦੋ ਹੋਰ ਪਿੰਡਾਂ ਦੀ ਕਰੀਬ 2000 ਏਕੜ ਤੋਂ ਵੱਧ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ 'ਚ ਡੁੱਬਣ ਕਾਰਨ ਤਬਾਹ ਹੋ ਗਈ ਹੈ। ਕਰੀਬ 250 ਕਿਊਸਿਕ ਵਾਲੀ ਨਹਿਰ ਦੇ ਪਾਣੀ ਨੇ ਕਰੀਬ 6 ਕਿਲੋਮੀਟਰ ਦੂਰ ਤਕ ਕੀਤੀ ਮਾਰ ਕਰਨ ਨਾਲ ਜਬਰਦਸਤ ਤਬਾਹੀ ਦਾ ਮੰਜਰ ਨਜ਼ਰ ਆ ਰਿਹਾ ਹੈ। ਇਸ ਨਹਿਰ ਦੇ ਟੁੱਟਣ ਨਾਲ ਨਰਮੇ ਅਤੇ ਝੋਨੇ ਦੀ ਫ਼ਸਲ ਤੋਂ ਇਲਾਵਾ ਕਰੀਬ 100 ਟਿਊਬਵੈੱਲ ਪਾਣੀ ਵਿਚ ਡੁੱਬ ਗਏ ਹਨ ਜਦਕਿ 15 ਢਾਣੀਆਂ ਵਿਚ ਪਾਣੀ ਵੜਨ ਕਾਰਨ ਇਥੋਂ
ਦੇ ਵਾਸੀਆਂ ਨੇ ਘਰ ਖਾਲੀ ਕਰਨੇ ਸ਼ੂਰੂ ਕਰ ਦਿਤੇ ਹਨ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਕੋਈ ਸਾਰ ਨਾ ਲਏ ਜਾਣ 'ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਪਿੰਡ ਦੇ ਸਰਪੰਚ ਸੁਰਿੰਦਰ ਗਿੱਲਾ, ਅਮਿਤ ਬੇਨੀਵਾਲ, ਕ੍ਰਿਸ਼ਨ ਗਿੱਲਾ ਤੇ ਸੰਤ ਕੁਮਾਰ ਬਿਸ਼ਨੋਈ ਆਦਿ ਨੇ ਦਸਿਆ ਕਿ ਮੰਗਲਵਾਰ ਰਾਤ ਨੂੰ ਪਏ ਜ਼ੋਰਦਾਰ ਮੀਂਹ ਤੋਂ ਬਾਅਦ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਓਵਰਫਲੋ ਹੋਈ ਨਹਿਰ ਟੁੱਟਣ ਕਾਰਨ ਪਾਣੀ ਨੇ ਇਸ ਪਿੰਡ ਦੇ ਨਾਲ ਲਗਦੇ ਪਿੰਡ ਚਕੜਾ ਤਕ ਮਾਰ ਕੀਤੀ ਹੈ। ਹਾਲਤ ਇਹ ਹਨ ਕਿ ਮੌਜੂਦਾ ਸਮੇ ਵਿਚ ਨਹਿਰ ਦਾ ਪਾਣੀ ਕਰੀਬ 6 ਕਿਲੋਮੀਟਰ ਤਕ ਰਕਬੇ ਵਿਚ ਫੈਲ ਗਿਆ ਹੈ।
ਪਿੰਡ ਵਾਸੀਆਂ ਨੇ ਅਪਣੇ ਪੱਧਰ 'ਤੇ ਅਸਥਾਈ ਬੰਨ੍ਹ ਬਣਾ ਕੇ ਅਪਣੀਆਂ ਫ਼ਸਲਾਂ ਨੂੰ ਬਚਾਉਣ ਦੇ ਪ੍ਰਬੰਧ ਸ਼ੁਰੂ ਕੀਤੇ ਹਨ। ਵਾਰ-ਵਾਰ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨਥੂ ਰਾਮ ਦੇ ਧਿਆਨ 'ਚ ਲਿਆਉਣ ਦੇ ਬਾਅਦ ਸ਼ਨੀਵਾਰ ਸ਼ਾਮ ਤਕ ਪ੍ਰਸ਼ਾਸਨ ਵਲੋਂ ਖੇਤਾਂ 'ਚੋਂ ਪਾਣੀ ਕਢਵਾਉਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੇ ਨਾ ਹੀ ਢਾਣੀਆਂ ਵਿਚੋਂ ਬੇਘਰ ਹੋਣ ਵਾਲੇ ਲੋਕਾਂ ਲਈ ਕੋਈ ਸਹਾਇਤਾ ਭੇਜੀ ਗਈ।
ਅੱਜ ਇਸ ਪਿੰਡ 'ਚ ਮੀਡੀਆ ਦੀ ਟੀਮ ਪਹੁੰਚਣ ਦੀ ਸੂਚਨਾ ਮਿਲਣ ਉਪਰੰਤ ਨਾਇਬ ਤਹਿਸੀਲਦਾਰ ਬਲਜਿੰਦਰ ਸਿਘ ਪਿੰਡ ਪਹੁੰਚੇ ਅਤੇ ਸਰਕਾਰ ਨੂੰ ਰੀਪੋਰਟ ਭੇਜਣ ਦਾ ਭਰੋਸਾ ਦੇ ਕੇ ਸਿਰਫ਼ ਅੱਧੇ ਘੰਟੇ 'ਚ ਹੀ ਵਾਪਸ ਤੁਰਦੇ ਬਣੇ। ਇਸ ਪਿੰਡ ਦੀ ਬਦਕਿਸਮਤੀ ਤਾਂ ਇਹ ਹੈ ਕਿ ਪਿਛਲੇ 5 ਸਾਲਾਂ ਵਿਚੋਂ ਇਥੋਂ ਲੰਘਦੀਆਂ ਦੋ ਨਹਿਰਾਂ ਕਈ ਵਾਰ ਟੁੱਟ ਚੁੱਕੀਆਂ ਹਨ। ਪਿੰਡ ਦੇ ਕੋਲੋਂ ਲੰਘਦਾ ਸੇਮ ਨਾਲਾ ਮੀਂਹ ਦੇ ਦਿਨਾਂ ਵਿਚ ਓਵਰਫਲੋ ਹੋ ਕੇ ਹਰ ਸਾਲ ਤਬਾਹੀ ਮਚਾਉਂਦਾ ਹੈ। ਪਿੰਡ ਦੇ ਲੋਕਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਵਲੋਂ ਹੁਣ ਤਕ ਸਿਰਫ਼ ਭਰੋਸਾ ਹੀ ਮਿਲਿਆ ਹੈ।