
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਵਿਦੇਸ਼ਾਂ ਵਿਚ ਬੈਠੇ ਤਿੰਨ ਪ੍ਰਮੁੱਖ............
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਵਿਦੇਸ਼ਾਂ ਵਿਚ ਬੈਠੇ ਤਿੰਨ ਪ੍ਰਮੁੱਖ ਨਸ਼ਾ ਤਸਕਰਾਂ ਦੇ ਨਾਂ ਨਸ਼ਰ ਕਰਨ ਦੀ ਅਪੀਲ ਕੀਤੀ ਹੈ। ਵਰਨਣਯੋਗ ਹੈ ਕਿ ਪਿਛਲੇ 1 ਮਹੀਨੇ ਦੌਰਾਨ ਨੌਜਵਾਨਾਂ ਦੀਆਂ ਜ਼ਿਆਦਾ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੇ ਸਬੰਧ ਵਿਚ ਆਪ ਦਾ ਵਫ਼ਦ ਭਗਵੰਤ ਮਾਨ ਦੀ ਅਗਵਾਈ ਵਿਚ 3 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ, ਜਿਸ ਨੂੰ ਮੁੱਖ-ਮੰਤਰੀ ਨੇ ਦਸਿਆ ਕਿ ਉਹ ਤਿੰਨ ਪ੍ਰਮੁੱਖ ਡਰੱਗ ਤਸਕਰ ਜਿਹੜੇ ਪੰਜਾਬ ਵਿਚ ਡਰੱਗ ਮਾਫ਼ੀਆ ਲਈ ਜ਼ਿੰਮੇਵਾਰ ਹਨ, ਨੂੰ ਪਹਿਚਾਣ ਚੁਕੇ ਹਨ ਪਰ ਉਹ ਤਿੰਨੇ ਵਿਦੇਸ਼ ਫ਼ਰਾਰ ਹੋ
ਗਏ ਹਨ। ਮੁੱਖ-ਮੰਤਰੀ ਵਲੋਂ ਆਪ ਦੇ ਵਫ਼ਦ ਨੂੰ ਕੀਤੇ ਇਸ ਪ੍ਰਗਟਾਵੇ ਉਪਰ ਸਖ਼ਤ ਸ਼ਬਦਾਂ ਵਿਚ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ-ਮੰਤਰੀ ਨੂੰ ਉਨ੍ਹਾਂ ਤਿੰਨਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ ਕਿਉਂਕਿ ਸਿਰਫ਼ ਏਨਾ ਕਹਿ ਕੇ ਮੁੱਖ-ਮੰਤਰੀ ਇਸ ਧੰਦੇ ਦੇ ਵੱਡੇ ਮਗਰਮੱਛਾਂ ਨੂੰ ਨਾ ਫੜਨ ਦੀ ਅਪਣੀ ਨਾਕਾਮੀ ਨੂੰ ਛੁਪਾ ਨਹੀਂ ਸਕਦੇ । ਅਰੋੜਾ ਨੇ ਕਿਹਾ ਕਿ ਜਿਸ ਢਿੱਲੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਵਿਚ ਨਾ-ਕਾਮਯਾਬ ਰਹੀ ਹੈ ਉਨ੍ਹਾਂ ਨੂੰ ਨਹੀਂ ਜਾਪਦਾ ਕਿ ਆਉਣ ਵਾਲੇ ਸਾਢੇ ਤਿੰਨ ਸਾਲਾਂ ਵਿਚ ਵੀ ਕੈਪਟਨ ਸਰਕਾਰ ਦੇ ਹੱਥ ਉਨ੍ਹਾਂ ਤਿੰਨ ਨਸ਼ਾ ਤਸਕਰਾਂ ਦੇ ਗਿਰੇਬਾਨ ਤਕ ਪਹੁੰਚ ਸਕਣਗੇ ।