
ਨਸ਼ਾ ਖ਼ਤਮ ਕਰਨ ਦੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ
ਸਰਾਏ ਅਮਾਨਤ ਖਾ /ਰਾਜਾਤਾਲ, 7 ਜੁਲਾਈ (ਗੁਰਬੀਰ ਸਿੰਘ ਗੰਡੀਵਿੰਡ): ਨਸ਼ਾ ਖ਼ਤਮ ਕਰਨ ਦੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਬੀਤੀ ਰਾਤ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਹੈ। ਉਕਤ ਨੌਜਵਾਨ ਦੀ ਲਾਸ਼ ਝਬਾਲ ਦੀ ਦਾਣਾ ਮੰਡੀ ਵਿਚੋਂ ਸ਼ਾਮ 7:30 ਵਜੇ ਮਿਲੀ ਅਤੇ ਉਸ ਦੀ ਜੇਬ ਵਿਚੋਂ ਸਰਿੰਜਾ ਅਤੇ ਸੂਈਆ ਵੀ ਨਿਕਲੀਆ ਹਨ। ਹਾਲਾਂਕਿ ਮੌਕੇ ਉਤੇ ਪੁੱਜੀ ਪੁਲਿਸ ਨੇ ਪਰਵਾਰ ਵਲੋਂ ਕੋਈ ਕਾਰਵਾਈ ਨਾ ਕਰਵਾਉਣ ਦੀ ਗੱਲ ਕਬੂਲਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ। ਤਾਰੂ ਸਿੰਘ ਬਘਿਆੜੀ ਨੇ ਦਸਿਆ ਕਿ ਉਸ ਦਾ ਲੜਕਾ ਧੁੱਨਾ ਸਿੰਘ ਉਰਫ਼ ਗੋਬਿੰਦਾ ਪੁੱਤਰ ਤਾਰੂ ਸਿੰਘ ਵਾਸੀ ਬਘਿਆੜੀ ਨਸ਼ੇ ਕਰਨ ਦਾ ਆਦੀ ਸੀ। ਉਹ ਕਈ ਵਾਰ ਉਸ ਨੂੰ ਰੋਕ ਚੁੱਕੇ ਹਨ ਪਰ ਉਹ ਨਸ਼ਿਆ ਨੂੰ ਛੱਡ ਨਾ ਸਕਿਆ।
ਪਿੰਡ ਤੋਂ ਉਹ ਅਕਸਰ ਝਬਾਲ ਆ ਜਾਂਦਾ ਸੀ ਅਤੇ ਇੱਥੇ ਨਸ਼ੇ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਉਸ ਦੇ ਪੁੱਤਰ ਦੀ ਜਾਨ ਲਈ ਹੈ। ਅਤੇ ਨਸ਼ੇ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਦੱਸਣਾ ਬਣਦਾ ਹੈ ਕਿ ਪੁਲਿਸ ਵਲੋ ਨਸ਼ੇ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਚਲਾਉਣ ਦਾ ਅਕਸਰ ਦਾਅਵਾ ਕੀਤਾ ਜਾਂਦਾ ਹੈ। ਪਰ ਹਲਾਤ ਇਹ ਹਨ ਕਿ ਪਿੰਡਾਂ ਵਿਚ ਅਕਸਰ ਨਸ਼ਾ ਵਿਕਦਾ ਵੇਖਿਆ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਝਬਾਲ ਵਿਚ ਬਘਿਆੜੀ ਤੋਂ ਨਸ਼ਾ ਕਰਨ ਆਏ ਉਕਤ ਨੌਜਵਾਨ ਸਮੇਤ ਹੋਰ ਲੋਕ ਵੀ ਇਥੋ ਨਸ਼ਾ ਖਰੀਦਦੇ ਹਨ। ਹੁਣ ਇਸ ਨੌਜਵਾਨ ਨੇ ਕਿਸ ਨਸ਼ੇ ਦਾ ਟੀਕਾ ਲਗਾਇਆ ਇਹ ਤਾਂ ਕੋਈ ਨਹੀਂ ਜਾਣਦਾ ਪਰ ਨਸ਼ੇ ਨੇ ਇਕ ਹੋਰ ਮਾਂ ਦਾ ਪੁੱਤ ਅਤੇ ਘਰ ਦਾ ਚਿਰਾਗ਼ ਬੁਝਾ ਦਿਤਾ ਹੈ। ਮੌਕੇ ਉਤੇ ਪਹੁੰਚੇ ਝਬਾਲ ਥਾਣੇ ਦੇ ਐਸ ਐਚ ਉ ਹਰਿੰਦਰ ਸਿੰਘ ਨੇ ਦਸਿਆ ਕਿ ਬਿਆਨ ਲਿਖ ਕੇ ਲਾਸ਼ ਵਾਰਸਾ ਹਵਾਲੇ ਕਰ ਦਿਤੀ ਗਈ ਹੈ।